ਨਵੀਂ ਦਿੱਲੀ, 20 ਜੂਨ (ਮਿਸਰਦੀਪ ਭਾਟੀਆ)- ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਸ੍ਰੀ ਵਿਜੇਂਦਰ ਗੁਪਤਾ ਨੂੰ ਅੱਜ ਇਕ ਪੱਤਰ ਲਿਖਿਆ ਹੈ | ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਲੋਕ ਬਹੁਤ ਖ਼ੁਸ਼ ਹਨ ਕਿ ਤੁਸੀਂ ਦਿੱਲੀ ਦੇ ਪਹਿਲੇ ਮੁੱਖ ਮੰਤਰੀ ਨੂੰ ਢੁਕਵੀਂ ਸ਼ਰਧਾਂਜਲੀ ਦਿੱਤੀ ਹੈ | ਸਾਨੂੰ ਉਨ੍ਹਾਂ ਸਾਰੀਆਂ ਮਹਾਨ ਹਸਤੀਆਂ ਦਾ ਢੁਕਵਾਂ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਜਨਤਕ ਜੀਵਨ ਵਿਚ ਅੱਗੇ ਆਏ | ਉਨ੍ਹਾਂ ਆਪਣੇ ਪੱਤਰ ਵਿਚ ਅੱਗੇ ਜ਼ਿਕਰ ਕੀਤਾ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿੱਲੀ ਵਿਧਾਨ ਸਭਾ ਦੇ ਪਹਿਲੇ ਸਪੀਕਰ ਗੁਰਮੁਖ ਨਿਹਾਲ ਸਿੰਘ ਸਨ, ਜੋ ਬਾਅਦ ਵਿਚ ਦਿੱਲੀ ਦੇ ਮੁੱਖ ਮੰਤਰੀ ਵੀ ਚੁਣੇ ਗਏ ਸਨ | ਉਨ੍ਹਾਂ ਪੱਤਰ ਦੇ ਅੰਤ ਵਿਚ ਸਪੀਕਰ ਨੂੰ ਬੇਨਤੀ ਕਰਦੇ ਹੋਏ ਲਿਖਿਆ ਹੈ ਕਿ ਕ੍ਰਿਪਾ ਕਰ ਕੇ ਦਿੱਲੀ ਵਿਧਾਨ ਸਭਾ ਕੰਪਲੈਕਸ ਵਿਚ ਗੁਰਮੁਖ ਨਿਹਾਲ ਸਿੰਘ ਜੀ ਦੀ ਇਕ ਲਾਈਫ਼ ਸਾਈਜ਼ ਫੋਟੋ ਲਗਾਈ ਜਾਵੇ | ਉਨ੍ਹਾਂ ਪੱਤਰ ਦੀ ਸਮਾਪਤੀ ਇਨ੍ਹਾਂ ਸ਼ਬਦਾਂ ਨਾਲ ਕੀਤੀ ਹੈ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਇਸ 'ਤੇ ਵਿਚਾਰ ਕਰੋਗੇ |