ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਇਕ ਨੌਜਵਾਨ ਨਾਲ ਸਾਈਬਰ ਠੱਗੀ ਕਰਨ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬੁੱਧੀ ਪ੍ਰਕਾਸ਼ ਯਾਦਵ ਅਤੇ ਰਤਨ ਯਾਦਵ ਵਾਸੀ ਤਹਿਸੀਲ ਚੱਕਸੂ, ਰਾਜਸਥਾਨ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਾਈਬਰ ਥਾਣਾ ਦੇ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਅੰਕੁਸ਼ ਕੁਮਾਰ ਪੁੱਤਰ ਮੋਹਨ ਲਾਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ ਚਾਰ ਜੂਨ ਨੂੰ ਉਸ ਦੇ ਮੋਬਾਈਲ 'ਤੇ ਇਕ ਵੱਟਸਅਪ ਮੈਸਿਜ ਆਇਆ ਜਿਸ ਵਿੱਚ ਥੋੜੇ ਸਮੇਂ 'ਚ ਮੋਟਾ ਪੈਸਾ ਕਮਾਉਣ ਦਾ ਲਾਲਚ ਦਿੱਤਾ ਗਿਆ | ਇਸ ਬਦਲੇ ਕੰਪਨੀ ਦਾ ਟਰਗੇਟ ਪੂਰਾ ਕਰਨ ਦੀ ਗੱਲ ਕਹੀ ਗਈ | ਸ਼ਿਕਾਇਤ 'ਚ ਦੱਸਿਆ ਗਿਆ ਕਿ ਜਲਦੀ ਪੈਸਾ ਕਮਾਉਣ ਦੇ ਲਾਲਚ ਵਿੱਚ ਸ਼ਿਕਾਇਤ ਕਰਤਾ ਨੇ 1.78 ਲੱਖ ਦਾ ਨਿਵੇਸ਼ ਕੀਤਾ ਅਤੇ ਬਾਅਦ 'ਚ ਉਹ ਲਿੰਕ ਬੰਦ ਹੋ ਗਿਆ | ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲੀਸ ਨੇ ਉਕਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾ ਸਕੇ |