18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ ਦੀ ਸੇਵਾ-ਸੰਭਾਲ ਜਲਦ ਹੱਥਾਂ 'ਚ ਲੈ ਕੇ ਜੁਲਾਈ 2026 ਤੱਕ ਕਾਲਜ ਸ਼ੁਰੂ ਕਰੇਗੀ ਹਰਿਆਣਾ ਕਮੇਟੀ-ਜਥੇ. ਝੀਂਡਾ <br/>

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ | ਤਸਵੀਰ : ਗੁਰਮੀਤ ਸਿੰਘ ਸੱਗੂ <br/> 22-06-2025
ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਅਧੀਨ ਚੱਲ ਰਹੇ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੇਵਾ ਸੰਭਾਲ ਜਲਦ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥਾਂ 'ਚ ਲਵੇਗੀ ਅਤੇ ਅਗਲੇ ਸਾਲ ਜੁਲਾਈ 'ਚ ਕਾਲਜ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਇਸ ਸੰਬੰਧੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਸਰਕਾਰੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ | ਇਹ ਜਾਣਕਾਰੀ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਜੁਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ, ਸਕੱਤਰ ਹਰਜੀਤ ਸਿੰਘ, ਸਾਂਝਾ ਸਕੱਤਰ ਬਲਵਿੰਦਰ ਸਿੰਘ ਭਿੰਡਰ, ਕਾਰਜਕਾਰੀ ਮੈਂਬਰ ਕੁਲਦੀਪ ਸਿੰਘ ਮੁਲਤਾਨੀ, ਕਰਨੈਲ ਸਿੰਘ ਨਿਮਣਾਬਾਦ, ਤਜਿੰਦਰਪਾਲ ਸਿੰਘ ਨਾਰਨੌਲ, ਰੂਪਿੰਦਰ ਸਿੰਘ, ਜਗਤਾਰ ਸਿੰਘ ਮਾਨ, ਪਲਵਿੰਦਰ ਸਿੰਘ, ਚੀਫ ਸਕੱਤਰ ਜਸਵਿੰਦਰ ਸਿੰਘ ਦੀਨਪੁਰ, ਧਰਮ ਪ੍ਰਚਾਰ ਸਕੱਤਰ ਸਰਬਜੀਤ ਸਿੰਘ ਜੰਮੂ, ਐਡੀਸ਼ਨਲ ਸਕੱਤਰ ਸਤਪਾਲ ਸਿੰਘ ਡਾਚਰ, ਐਡੀਸ਼ਨਲ ਸਕੱਤਰ ਰਾਜਪਾਲ ਸਿੰਘ ਦੁਨਿਆਮਾਜਰਾ, ਨਰਿੰਦਰ ਸਿੰਘ, ਅਸਿਸਟੈਂਟ ਸਕੱਤਰ ਰੂਪਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਮੌਜੂਦ ਸਨ | ਜਥੇਦਾਰ ਝੀਂਡਾ ਨੇ ਦੱਸਿਆ ਕਿ ਕਮੇਟੀ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੇਵਾ ਆਪਣੇ ਹੱਥ 'ਚ ਜਲਦ ਲੈ ਲਵੇਗੀ ਅਤੇ ਜੁਲਾਈ 2026 'ਚ ਸੈਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਜੀਂਦ 'ਚ 250 ਏਕੜ ਜ਼ਮੀਨ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਵਰਲਡ ਯੂਨੀਵਰਸਿਟੀ ਬਣਾਉਣ ਅਤੇ 100 ਏਕੜ 'ਚ ਮਾਤਾ ਗੁਜਰੀ ਕੌਰ ਮਹਿਲਾ ਯੂਨੀਵਰਸਿਟੀ ਬਣਾਉਣ ਦੀ ਯੋਜਨਾ 'ਤੇ ਕਮੇਟੀ ਕੰਮ ਕਰ ਰਹੀ ਹੈ | ਇਨ੍ਹਾਂ ਤੋਂ ਇਲਾਵਾ ਨਾਡਾ ਸਾਹਿਬ (ਪੰਚਕੂਲਾ) ਦੇ ਨਾਲ ਲੱਗਦੀ 5 ਏਕੜ ਜ਼ਮੀਨ ਗੁਰੂ-ਘਰ ਨੂੰ ਦੇਣ, ਨਾਡਾ ਸਾਹਿਬ ਗੁਰਦੁਆਰਾ ਸਾਹਿਬ 'ਚੋਂ ਲੰਘ ਰਹੀ ਹਾਈ-ਟੈਂਸ਼ਨ ਲਾਈਨਾਂ ਨੂੰ ਬਾਹਰ ਕਰਨ ਜਾਂ ਭੂਗਰਭੀ ਕਰਨ ਅਤੇ ਸੂਬੇ ਦੇ ਸਾਰਿਆ ਗੁਰਦੁਆਰਾ ਸਾਹਿਬਾਨ 'ਚ ਮੁਫ਼ਤ ਸੋਲਰ ਸਿਸਟਮ ਲਗਾਉਣ ਲਈ ਚਰਚਾ ਕੀਤੀ ਗਈ ਹੈ | ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਇਨ੍ਹਾਂ ਸਾਰੇ ਮੁੱਦਿਆਂ 'ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ | ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਧਮਤਾਨ ਸਾਹਿਬ ਦੀ ਜ਼ਮੀਨ ਲਈ ਭਾਖੜਾ ਨਹਿਰ ਤੋਂ ਛੋਟੀ ਨਹਿਰ ਰਾਹੀਂ ਪਾਣੀ ਲਿਆਉਣ ਦੀ ਮੰਗ ਵੀ ਉਨ੍ਹਾਂ ਵਲੋਂ ਕੀਤੀ ਗਈ ਹੈ | ਜਿਸ ਤੇ ਕੇਂਦਰੀ ਮੰਤਰੀ ਵਲੋਂ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਮੰਗ ਪਹੁੰਚੀ ਹੈ ਕਿ ਖੇਤੀ ਨਾਲ ਸੰਬੰਧਿਤ ਰਿਸਰਚ ਲਈ 50 ਏਕੜ ਜਮੀਨ ਦੀ ਜਰੂਰਤ ਹੈ ਜਿਸ ਤੇ ਗੰਭੀਰ ਵਿਚਾਰ ਅਤੇ ਮੰਥਨ ਕੀਤਾ ਜਾ ਰਿਹਾ ਹੈ | ਹਰਿਆਣਾ ਕਮੇਟੀ ਦੇ ਪ੍ਰਧਾਨ ਦੇ ਮੁਤਾਬਕ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਚਲਾਉਣ ਲਈ ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਚਲਾਉਣ ਲਈ ਐਸ. ਜੀ. ਪੀ. ਸੀ. ਨੇ 50 ਕਰੋੜ ਦਾ ਲੋਣ ਲਿਆ ਹੋਇਆ ਹੈ | ਹਾਲਾਂਕਿ ਉਨ੍ਹਾਂ ਆਪਣੇ ਪਾਸੋਂ ਕੋਈ ਰਕਮ ਖਰਚ ਨਹੀਂ ਕੀਤੀ | ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਚਲਾਉਣ , ਮੈਡੀਕਲ ਕਾਲਜ ਬਣਾਉਣ ਅਤੇ ਹੋਸਟਲ ਬਣਾਉਣ ਲਈ ਲਗਭਗ 45 ਕਰੋੜ ਰੁਪਏ ਦੀ ਲੋੜ ਹੋਵੇਗੀ |ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 'ਚ ਇਹ ਸਾਫ਼ ਹੈ ਕਿ ਸਾਰਾ ਚੱਲ-ਅਚੱਲ ਸੰਪਤਿ ਐਸ. ਜੀ. ਪੀ. ਸੀ. ਦੀ ਨਾ ਹੋ ਕੇ ਹਰਿਆਣਾ ਕਮੇਟੀ ਦੀ ਹੋਵੇਗੀ ਇਸ ਦੇ ਲਈ ਐਸ. ਜੀ. ਪੀ. ਸੀ. ਨੂੰ ਹਰਿਆਣਾ ਕਮੇਟੀ ਦਾ ਸਹਿਯੋਗ ਕਰਨਾ ਚਾਹੀਦਾ ਹੈ | ਇਸੇ ਦੌਰਾਨ ਇਕ ਸਵਾਲ ਦੇ ਜਵਾਬ 'ਚ ਜਥੇਦਾਰ ਝੀਂਡਾ ਨੇ ਕਿਹਾ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਦੇਸ਼ 'ਚ ਐਮਰਜੰਸੀ ਲਗਾਈ ਸੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਨੂੰ ਕਾਲਾ ਦਿਵਸ ਵਜੋਂ ਮਨਾਉਣ ਅਤੇ ਉਸ ਦੌਰਾਨ ਜੇਲ੍ਹ ਕੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਏਗਾ | ਪਰ ਕੁਝ ਲੋਕਾਂ ਨੇ ਗਲਤ ਬਿਆਨਬਾਜੀ ਸ਼ੁਰੂ ਕਰ ਦਿੱਤੀ ਹੈ, ਜਦਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਐਮਰਜੈਂਸੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਜੇਲ੍ਹ ਕੱਟੀ ਸੀ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਇਨ੍ਹਾਂ ਸਾਰਿਆਂ ਨੂੰ ਸੁਨੇਹਾ ਭੇਜਿਆ ਗਿਆ ਹੈ ਭਾਵੇਂ ਉਹ ਸਿੱਖ ਹੋਵੇ ਜਾਂ ਗੈਰ ਸਿੱਖ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਜੇਲ੍ਹਾਂ ਕੱਟੀਆਂ ਹਨ | ਹਰਿਆਣਾ ਕਮੇਟੀ ਵਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਲਈ ਬਜਟ ਬਾਬਤ ਪੁੱਛੇ ਅੱਗੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਪਹਿਲਾਂ ਆਪਣੇ ਪਾਸੋਂ ਖਰਚ ਕਰੇਗੀ ਅਤੇ ਫਿਰ ਸੰਗਤ ਅੱਗੇ ਝੋਲੀ ਫੈਲਾਈ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਬੈਂਕ ਤੋਂ ਲੋਨ ਲਿਆ ਜਾਵੇਗਾ | ਇਸ ਤੋਂ ਬਾਅਦ ਸਰਕਾਰ ਤੋਂ ਵੀ ਸਹਾਇਤਾ ਲੈਣ ਦਾ ਪ੍ਰਵਧਾਨ ਹਰਿਆਣਾ ਕਮੇਟੀ ਕੋਲ ਹੈ | ਹਰਿਆਣਾ ਕਮੇਟੀ ਦਾ ਸਹਿਯੋਗ ਕਰਨ ਲਈ ਸਰਕਾਰ ਨੇ ਹਰ ਸਾਲ 100 ਕਰੋੜ ਰੁਪਏ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਕਮੇਟੀ ਵਲੋਂ ਰਾਣੀਆ ਜ਼ਿਲਾ ਸਿਰਸਾ 'ਚ ਕੈਂਸਰ ਹਸਪਤਾਲ ਬਣਾਉਣ ਦੀ ਵੀ ਘੋਸ਼ਣਾ ਹੋ ਚੁੱਕੀ ਹੈ | ਇਸ 'ਚ ਸਹਿਯੋਗ ਲਈ ਮਸ਼ਹੂਰ ਕਾਰੋਬਾਰੀ ਅਤੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰਸਟ ਦੇ ਸੰਚਾਲਕ ਐੱਸ.ਪੀ. ਓਬਰਾਏ (ਦੁਬਈ) ਵਾਲਿਆਂ ਨੂੰ ਵੀ ਅਪੀਲ ਕੀਤੀ ਗਈ ਹੈ | ਇਨ੍ਹਾਂ ਤੋਂ ਇਲਾਵਾ ਸੰਸਥਾ ਦੇ ਅਧੀਨ ਆਉਣ ਵਾਲੇ ਗੁਰਦੁਆਰਾ ਸਾਹਿਬਾਨ 'ਚ ਜਰੂਰਤਮੰਦ ਸੰਗਤ ਲਈ ਮੈਡੀਕਲ ਟੈਸਟ ਲੈਬ ਬਣਾਉਣ ਦੀ ਵੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਲਾਈਫ ਸਿਸਿਓਰ ਲੈਬ ਵੀ ਖੋਲ੍ਹਣ ਦੀ ਮੰਗ ਐਸ. ਪੀ. ਓਬਰਾਏ ਕੋਲ ਕੀਤੀ ਗਈ ਹੈ |
ਯੂ. ਪੀ. ਐਸ. ਸੀ. ਦਾ ਟ੍ਰੇਨਿੰਗ ਸੈਂਟਰ ਬਣਾਉਣ ਲਈ ਜ਼ਮੀਨ ਦੇਣ ਦੀ ਮੰਗ
ਜਥੇਦਾਰ ਝੀਂਡਾ ਨੇ ਦੱਸਿਆ ਕਿ ਹਰਿਆਣਾ ਕਮੇਟੀ ਨੇ ਸਰਕਾਰ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਨਾਡਾ ਸਾਹਿਬ ਪੰਚਕੂਲਾ ਦੇ ਦੋਵੇਂ ਪਾਸਿਓਾ ਢਾਈ-ਢਾਈ ਏਕੜ (ਕੁੱਲ 5 ਏਕੜ) ਜ਼ਮੀਨ ਦੀ ਮੰਗ ਕੀਤੀ ਹੈ | ਇਸ ਜਮੀਨ 'ਤੇ ਹਰਿਆਣਾ ਕਮੇਟੀ ਵਲੋਂ ਢਾਈ ਏਕੜ ਜਮੀਨ 'ਤੇ ਯੂ. ਪੀ. ਐਸ. ਸੀ. ਦਾ ਟ੍ਰੇਨਿੰਗ ਸੈਂਟਰ ਅਤੇ ਦੂਜੇ ਪਾਸ ਢਾਈ ਏਕੜ ਜਮੀਨ 'ਚ ਸਰਾਏ ਬਣਾਉਣ ਦੀ ਯੋਜਨਾ ਹੈ | ਜੇਕਰ ਸਰਕਾਰ ਨੇ ਇਹ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਤਾਂ ਜਲਦ ਹੀ ਇਹ ਦੋਵੇਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ |

ਪਿਛਲੀ ਖ਼ਬਰ ਯੋਗ ਨਾਲ ਜੁੜਨ ਨਾਲ ਸਰੀਰ ਅਤੇ ਮਨ ਤੰਦਰੁਸਤ ਹੋਣਗੇ ਅਤੇ ਅਸੀਂ ਸਾਰੇ ਹਰ ਤਰ੍ਹਾਂ ਦੀ ਬਿਮਾਰੀ ਤੋਂ ਮੁਕਤ ਹੋਵਾਂਗੇ-ਸਿਟੀ... ਅਗਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਵਲੋਂ 3 ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਮਾਂ ਬੋਲੀ ਦਾ ਸੁਨੇਹਾ ਦਿੰਦਿਆਂ ਸ਼ੁੱਭ ਆਰੰਭ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।