ਡੱਬਵਾਲੀ, 22 ਜੂਨ (ਇਕਬਾਲ ਸਿੰਘ ਸ਼ਾਂਤ)- ਬੀਤੇ ਸਾਲ ਭਰ ਤੋਂ ਨਾਲ ਖਹਿੰਦੇ ਲੰਬੀ ਖੇਤਰ ਤੋਂ ਡੱਬਵਾਲੀ (ਹਰਿਆਣਾ) ਵਿਚ ਸ਼ਰਾਬ ਦੀ ਤਸਕਰੀ ਬੇਖੌਫ ਕੀਤੀ ਜਾ ਰਹੀ ਹੈ | ਇਸ ਗੈਰ-ਕਾਨੂੰਨੀ ਧੰਦੇ ਵਿਚ ਪੰਜਾਬ ਦੇ ਕਈ ਚਰਚਿਤ ਸ਼ਰਾਬ ਤਸਕਰਾਂ/ਠੇਕੇਦਾਰਾਂ ਦੇ ਕਥਿਤ ਨਾਂਅ ਚਰਚਾ 'ਚ ਹਨ | ਸੂਤਰਾਂ ਅਨੁਸਾਰ ਅੰਤਰਰਾਜੀ ਸ਼ਰਾਬ ਤਸਕਰੀ ਦਾ ਕਾਰੋਬਾਰ ਗੁਰਗਿਆਂ ਜ਼ਰੀਏ ਸੰਚਾਲਤ ਕੀਤਾ ਜਾਂਦਾ ਹੈ | ਹੁਣ ਐਂਟੀ-ਨਾਰਕੋਟਿਕ ਸੈੱਲ ਡੱਬਵਾਲੀ ਨੇ ਦੇਸੀ ਸਰਾਬ ਅਤੇ ਵੋਦਕਾ ਦੀਆਂ 24 ਪੇਟੀਆਂ ਅਤੇ ਇੱਕ ਬੋਲੈਰੋ ਕੈਂਪਰ ਗੱਡੀ ਸਮੇਤ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਬਰਾਮਦ ਸ਼ਰਾਬ ਦੀ ਕੀਮਤ ਹਜ਼ਾਰਾਂ ਰੁਪਏ ਵਿਚ ਦੱਸੀ ਜਾਂਦੀ ਹੈ | ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਚੱਕ 5, ਜ਼ਿਲ੍ਹਾ ਗੰਗਾਨਗਰ ਤੇ ਰਾਜੂ ਵਾਸੀ ਜੈਨਮ ਗੰਜ ਥਾਣਾ ਸ਼ੁਕੁਲ ਬਾਜ਼ਾਰ ਜ਼ਿਲ੍ਹਾ ਅਮੇਠੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ | ਦੋਵੇਂ ਮੁਲਜ਼ਮ ਮੌਜੂਦਾ ਸਮੇਂ ਕਿੱਲਿਆਂਵਾਲੀ ਵਿੱਚ ਰਹਿੰਦੇ ਹਨ | ਏ.ਐਨ.ਸੀ. ਸਟਾਫ ਦੇ ਮੁਖੀ ਸੁਬੇ ਸਿੰਘ ਨੇ ਦੱਸਿਆ ਕਿ ਇੱਕ ਮੁਖਬਰੀ ਦੇ ਆਧਾਰ 'ਤੇ ਪੰਜਾਬ ਹੱਦ ਨੇੜੇ ਰਾਮਬਾਗ ਪੁਲ 'ਤੇ ਨਾਕਾਬੰਦੀ ਕੀਤੀ ਗਈ ਸੀ ਉੱਥੇ ਪੰਜਾਬ ਖੇਤਰ ਤੋਂ ਆਉਂਦੀ ਇੱਕ ਬੋਲੈਰੋ ਕੈਂਪਰ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿਚੋਂ ਸ਼ਰਾਬ ਮਾਅਰਕਾ ਖਾਸਾ ਪੰਜਾਬ ਦੀਆਂ 19 ਪੇਟੀਆਂ, ਪੰਜਾਬ ਹੀਰ ਦੀਆਂ 3 ਅਤੇ ਵੋਦਕਾ ਗ੍ਰੀਨ ਦੀਆਂ 2 ਪੇਟੀਆਂ ਮਿਲੀਆਂ | ਉਨ੍ਹਾਂ ਦੱਸਿਆ ਕਿ ਬਲੈਰੋ ਕੈਂਪਰ ਵਿਚ ਸਵਾਰ ਦੋ ਜਣਿਆਂ ਤੋਂ ਸ਼ਰਾਬ ਦਾ ਲਾਇਸੈਂਸ ਤੇ ਪਰਮਿਟ ਮੰਗਿਆ ਗਿਆ, ਉਹ ਕੋਈ ਪਰਮਿਟ ਪੇਸ਼ ਨਹੀਂ ਕਰ ਸਕੇ | ਸ਼ਰਾਬ ਤੇ ਬੋਲੈਰੋ ਕੈਂਪਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ | ਮੁਲਜ਼ਮਾਂ ਖਿਲਾਫ਼ ਥਾਣਾ ਸਿਟੀ ਵਿਚ ਆਬਕਾਰੀ ਐਕਟ ਦੀ ਧਾਰਾ 61/4/20 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਖੇਤਰ ਦੇ ਮੰਡੀ ਕਿੱਲਿਆਂਵਾਲੀ ਵਿਚ ਇੱਕ ਠੇਕੇ ਤੋਂ ਹਰਿਆਣਾ ਵਿਚ ਸ਼ਰਾਬ ਤਸਕਰੀ ਦਾ ਮੁਕੱਦਮਾ ਦਰਜ ਹੋਇਆ ਸੀ |