ਮੋਰਿੰਡਾ, 21 ਸਤੰਬਰ (ਤਰਲੋਚਨ ਸਿੰਘ ਕੰਗ)-ਪਿਛਲੇ ਸਾਢੇ ਤਿੰਨ ਸਾਲਾਂ ਵਿਚ ਪੰਜਾਬ ਦੇ ਲੋਕੀਂ ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਇਹ ਸਰਕਾਰ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀ ਹੈ ਪ੍ਰੰਤੂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੁੰਦੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਦੁੱਧ ਉਤਪਾਦਕ ਸੁਖਦੀਪ ਸਿੰਘ ਭੰਗੂ, ਪਰਮਿੰਦਰ ਸਿੰਘ ਚਲਾਕੀ, ਰਵਿੰਦਰ ਸਿੰਘ ਚਲਾਕੀ, ਹਰਮਨ ਸਿੰਘ ਸਹੇੜੀ, ਬਚਿੱਤਰ ਸਿੰਘ, ਰਣਜੋਧ ਸਿੰਘ ਢੰਗਰਾਲੀ, ਖੁਸ਼ਵੰਤ ਸਿੰਘ ਮੜੌਲੀ, ਸੁੱਖੀ ਰਤਨਗੜ੍ਹ, ਬੱਬੂ ਕੰਗ ਕਾਂਜਲਾ, ਬਲਦੀਪ ਸਿੰਘ ਸੰਗਤਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਮਿਲਕਫੈੱਡ ਪੰਜਾਬ ਹਰ ਸਾਲ ਗਰਮੀਆਂ ਦੇ ਸੀਜ਼ਨ ਵਿਚ ਦੁੱਧ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਲਈ ਦੁੱਧ ਦੇ ਭਾਅ ਵਧਾਉਂਦੀ ਹੈ | ਕਿਉਂਕਿ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਘੱਟ ਜਾਂਦਾ ਹੈ ਤੇ ਦੁੱਧ ਉਤਪਾਦਕ ਘਾਟੇ ਵਿਚ ਜਾਣਾ ਸ਼ੁਰੂ ਹੋ ਜਾਂਦੇ ਹਨ | ਪ੍ਰੰਤੂ ਇਸ ਸਾਲ ਮਿਲਕਫੈੱਡ ਪੰਜਾਬ ਨੇ ਦੁੱਧ ਦਾ ਭਾਅ ਬਿਲਕੁਲ ਹੀ ਨਹੀਂ ਵਧਾਇਆ ਜਦਕਿ ਦਵਾਈਆਂ, ਫੀਡ, ਚਾਰੇ ਆਦਿ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ | ਇਸੇ ਸਬੰਧ ਵਿਚ ਸਾਬਕਾ ਚੇਅਰਮੈਨ ਸ੍ਰੀ ਚਲਾਕੀ ਨੇ ਦੱਸਿਆ ਕਿ ਪੰਜਾਬ ਦਾ ਸਭ ਤੋਂ ਵੱਡਾ ਦੁੱਧ ਇਕੱਠਾ ਕਰਨ ਵਾਲਾ ਅਦਾਰਾ ਵੇਰਕਾ ਦੀ ਵਿੱਕਰੀ ਇੱਕ ਸਾਲ ਵਿਚ 12 ਲੱਖ ਲੀਟਰ ਘਟੀ ਹੈ | ਜਦਕਿ ਸਾਡੇ ਮੁੱਖ ਮੰਤਰੀ ਇਸ਼ਤਿਹਾਰਬਾਜ਼ੀ ਰਾਹੀਂ ਵੇਰਕਾ ਦੀ ਟਰਨਓਵਰ ਵੱਧ ਦਿਖਾ ਰਹੇ ਹਨ | ਉਨ੍ਹਾਂ ਕਿਹਾ ਕਿ ਅਗਰ ਵੇਰਕਾ ਦੀ ਟਰਨਓਵਰ ਵਧੀ ਹੈ ਤਾਂ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਅੱਗੇ ਕਿਹਾ ਕਿ ਹੁਣ ਮੁੱਖ ਮੰਤਰੀ ਵਲੋਂ ਦੁੱਧ ਦੇ ਪ੍ਰੋਡਕਟਾਂ ਦੀਆਂ ਘਟੀਆਂ ਕੀਮਤਾਂ ਬਾਰੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਪ੍ਰੋਡਕਟਾਂ ਦੀਆਂ ਕੀਮਤਾਂ ਤਾਂ ਜੀ.ਐੱਸ.ਟੀ ਘਟਣ ਕਾਰਨ ਘੱਟ ਹੋਣਗੀਆਂ | ਇਸ ਵਿਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ | ਇਲਾਕੇ ਦੇ ਸਮੂਹ ਦੁੱਧ ਉਤਪਾਦਕਾਂ ਨੇ ਮਿਲਕਫੈੱਡ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੁੱਧ ਦੇ ਭਾਅ ਵਧਾਏ ਜਾਣ ਤਾਂ ਜੋ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋ ਸਕੇ |