ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਦੇ ਰੋਡ ਸੇਫਟੀ ਕਲੱਬ ਤੇ ਟ੍ਰੈਫਿਕ ਇੰਟਰਪਰੇਟੇਸ਼ਨ ਸੈਂਟਰ ਨੇ ਸਾਂਝੇ ਤੌਰ 'ਤੇ ਇਕ ਸੜਕ ਸੁਰੱਖਿਆ ਕੁਇਜ਼ ਮੁਕਾਬਲਾ ਕਰਵਾਇਆ, ਜਿਸ ਵਿਚ ਲਗਭਗ 600 ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ | ਇਸ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣਾ ਸੀ | ਇਹ ਮੁਕਾਬਲਾ ਸਾਰੀਆਂ ਕਲਾਸਾਂ ਵਿਚ ਅਧਿਆਪਕਾਂ ਰਾਹੀਂ ਕਰਵਾਇਆ ਗਿਆ ਜਿਥੇ ਤਿੰਨ ਵਿਦਿਆਰਥੀਆਂ ਦੀਆਂ ਟੀਮਾਂ ਨੇ ਸਵਾਲ ਹੱਲ ਕੀਤੇ ਅਤੇ ਅਧਿਆਪਕਾਂ ਨੇ ਨਤੀਜਿਆਂ ਦਾ ਮੁਲਾਂਕਣ ਕਰ ਵਿਭਾਗ ਨੂੰ ਸੌਂਪੇ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਵਰਗੇ ਵਿਸ਼ਿਆਂ 'ਤੇ ਆਧਾਰਿਤ ਮੁਕਾਬਲੇ ਵਿਦਿਆਰਥੀਆਂ ਵਿਚ ਸਮਾਜਿਕ ਜਾਗਰੂਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਦੇ ਹਨ ਬਲਕਿ ਉਨ੍ਹਾਂ ਨੂੰ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਨ ਵਿਚ ਵੀ ਮਦਦ ਕਰਦੇ ਹਨ |