ਕਾਲਾਂਵਾਲੀ/ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਟਰੈਫਿਕ ਪੁਲੀਸ ਦੇ ਨਿਰਦੇਸ਼ਾਂ ਅਨੁਸਾਰ ਸੜਕ ਸੁਰੱਖਿਆ ਨਿਯਮਾਂ 'ਤੇ ਲਿਖਤੀ ਕੁਇਜ਼ ਮੁਕਾਬਲੇ ਦਾ ਪਹਿਲਾ ਦੌਰ ਮਾਤਾ ਹਰਕੀ ਦੇਵੀ ਮਹਿਲਾ ਸਿੱਖਿਆ ਕਾਲਜ ਔਢਾਂ ਵਿਖੇ ਕਰਵਾਇਆ ਗਿਆ | ਇਸ ਮੁਕਾਬਲੇ ਵਿੱਚ ਬੀ.ਐੱਡ. ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ | ਮਾਤਾ ਹਰਕੀ ਦੇਵੀ ਮਹਿਲਾ ਕਾਲਜ ਦੀਆਂ 147 ਟੀਮਾਂ ਨੇ ਹਿੱਸਾ ਲਿਆ | ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਮ.ਐਚ.ਡੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਕੁਲਦੀਪ ਕੌਰ ਆਨੰਦ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਨਿਯਮਾਂ ਦੀ ਪਾਲਣਾ ਕਰਨ ਬਾਰੇ ਨਹੀਂ ਹੈ | ਇਹ ਸਾਡੇ ਜੀਵਨ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਸੱਭਿਆਚਾਰ ਹੈ | ਐਸੋਸੀਏਟ ਡਾਇਰੈਕਟਰ ਸ਼ਸ਼ੀਕਾਂਤ ਸ਼ਰਮਾ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ | ਕਾਲਜ ਪਿ੍ੰਸੀਪਲ ਡਾ. ਕਿ੍ਸ਼ਨਾ ਕਾਂਤ ਤੇ ਡਾ. ਅਭਿਲਾਸ਼ਾ ਸ਼ਰਮਾ ਨੇ ਮੁਕਾਬਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥਣਾਂ 'ਚ ਜਨਤਕ ਜਾਗਰੂਕਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਪਹਿਲੇ ਦੌਰ ਦੀਆਂ ਤਿੰਨ ਜੇਤੂ ਟੀਮਾਂ ਬਲਾਕ ਪੱਧਰ 'ਤੇ ਹੋਣ ਵਾਲੇ ਕੁਇਜ਼ ਮੁਕਾਬਲੇ ਦੇ ਦੂਜੇ ਦੌਰ ਵਿੱਚ ਹਿੱਸਾ ਲੈਣਗੀਆਂ |