ਨਵੀਂ ਦਿੱਲੀ, 23 ਅਕਤੂਬਰ (ਮਿਸਰਦੀਪ ਭਾਟੀਆ)-ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ ਦੇ ਅੰਦਰ ਬਣੀ ਸੁਰੰਗ ਵਿਚ ਦਾਖ਼ਲ ਹੋ ਕੇ ਚਾਰ ਬਦਮਾਸ਼ਾਂ ਨੇ ਚੋਰੀ ਕੀਤੀ | ਉਹ ਸਾਰੇ ਜੰਗਲ ਦੇ ਰਸਤੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਸਨ ਅਤੇ ਫੜੇ ਜਾਣ ਤੋਂ ਬਚਣ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਅਲਾਰਮ ਤਾਰ ਨੂੰ ਕੱਟ ਦਿੱਤਾ | ਇਸ ਤੋਂ ਬਾਅਦ ਸੁਰੰਗ ਦੇ ਅੰਦਰ ਤਾਂਬੇ ਦੀ ਕੇਬਲ ਕੱਟ ਕੇ ਜੰਗਲ ਦੇ ਰਸਤੇ ਫ਼ਰਾਰ ਹੋ ਗਏ | ਹੈਰਾਨੀ ਦੀ ਗੱਲ ਇਹ ਹੈ ਕਿ ਮੈਟਰੋ ਪ੍ਰਸ਼ਾਸਨ ਨੂੰ ਇਸਦੀ ਭਨਕ ਤੱਕ ਨਹੀਂ ਲੱਗੀ | ਹਾਲਾਂਕਿ ਪੂਰੀ ਘਟਨਾ ਸੁਰੰਗ ਦੇ ਪ੍ਰਵੇਸ਼ ਅਤੇ ਨਿਕਾਸ ਗੇਟ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ | ਆਈ.ਜੀ.ਆਈ. ਏਅਰਪੋਰਟ ਮੈਟਰੋ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ | ਫਿਲਹਾਲ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ | ਮੈਟਰੋ ਪੁਲਿਸ ਅਧਿਕਾਰੀਆਂ ਅਨੁਸਾਰ ਸੁਧੀਰ ਕੁਮਾਰ ਪਿਛਲੇ ਤਿੰਨ ਸਾਲਾਂ ਤੋਂ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ 'ਤੇ ਸਹਾਇਕ ਸੈਸ਼ਨ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ 15 ਅਤੇ 16 ਅਕਤੂਬਰ ਦੀ ਰਾਤ ਨੂੰ ਚਾਰ ਆਦਮੀ ਜੰਗਲ ਦੇ ਰਸਤੇ ਰਾਹੀਂ ਸੁਰੰਗ ਵਿਚ ਦਾਖ਼ਲ ਹੋਏ | ਉਨ੍ਹਾਂ ਨੇ ਸਭ ਤੋਂ ਪਹਿਲਾਂ ਅਲਾਰਮ ਤਾਰ ਕੱਟੀ ਫਿਰ ਸੁਰੰਗ ਦੇ ਅੰਦਰ ਗਏ ਅਤੇ ਲਗਭਗ 120 ਵਰਗਮੀਟਰ ਤਾਂਬੇ ਦੀ ਤਾਰ ਚੋਰੀ ਕਰ ਲਈ, ਜਿਸਦੀ ਮਾਪ 3.5 ਕੋਰ ਸੀ | ਇਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ | ਹਾਲਾਂਕਿ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ |