ਨਵੀਂ ਦਿੱਲੀ, 23 ਅਕਤੂਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਸਫਦਰਜੰਗ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ ਦੀ ਮੌਤ ਤੋਂ ਨਾਰਾਜ਼ ਮਰੀਜ਼ ਦੇ ਅਟੈਂਡੈਂਟਾਂ ਨੇ ਜੰਮ ਕੇ ਹੰਗਾਮਾ ਕੀਤਾ | ਦੋਸ਼ ਹੈ ਕਿ ਡਾਕਟਰਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ | ਇਸਦੇ ਵਿਰੋਧ ਵਿਚ ਬੁੱਧਵਾਰ ਨੂੰ ਕਰੀਬ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਐਮਰਜੈਂਸੀ ਸੇਵਾ ਠੱਪ ਰਹੀ | ਘਟਨਾ ਦੀ ਰਿਪੋਰਟ ਦਰਜ ਹੋਣ ਤੋਂ ਬਾਅਦ ਸ਼ਾਮ ਨੂੰ ਐਮਰਜੈਂਸੀ ਦੀ ਸੇਵਾ ਮੁੜ ਸ਼ੁਰੂ ਹੋ ਗਈ | ਦੁਪਹਿਰ ਤਿੰਨ ਵਜੇ ਦੇ ਕਰੀਬ ਗੁਰਦੇ ਦੀ ਬਿਮਾਰੀ ਤੋਂ ਪੀੜਤ ਇਕ ਮਰੀਜ਼ ਨੂੰ ਇਲਾਜ ਲਈ ਲਿਆਂਦਾ ਗਿਆ, ਇਸ ਦੌਰਾਨ ਮਰੀਜ਼ ਦੀ ਮੌਤ ਹੋ ਗਈ | ਇਸ ਤੋਂ ਬਾਅਦ ਹਸਪਤਾਲ ਵਿਚ ਮਰੀਜ਼ ਦੇ ਤੀਮਾਰਦਾਰਾਂ ਨੇ ਜੰਮ ਕੇ ਹੰਗਾਮਾ ਕੀਤਾ | ਉਹ ਡਾਕਟਰਾਂ ਨਾਲ ਬਦਸਲੂਕੀ ਕਰਨ ਲੱਗੇ ਅਤੇ ਇਕ ਡਾਕਟਰ ਦੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ | ਇਸ ਤੋਂ ਬਾਅਦ ਐਮਰਜੈਂਸੀ ਵਿਭਾਗ ਵਿਚ ਕੰਮ ਕਰਨ ਵਾਲੇ ਰੈਜ਼ੀਡੈਂਟ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ | ਹਾਲਾਂਕਿ ਡਾਕਟਰਾਂ ਵਲੋਂ ਦਾਅਵਾ ਕੀਤਾ ਗਿਆ ਕਿ ਗੰਭੀਰ ਰੂਪ ਵਿਚ ਬਿਮਾਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ | ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਵਿਚ ਵਿਘਨ ਪੈਣ ਕਾਰਨ ਮਰੀਜ਼ ਹੈਰਾਨ-ਪ੍ਰੇਸ਼ਾਨ ਦਿਖਾਈ ਦਿਖੇ | ਡਾਕਟਰਾਂ ਦੇ ਵਧਦੇ ਵਿਰੋਧ ਨੂੰ ਦੇਖਦੇ ਹੋਏ ਹਸਪਤਾਲ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰੈਜ਼ੀਡੈਂਟ ਡਾਕਟਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ | ਪਰ ਡਾਕਟਰ ਸੰਸਥਾਗਤ ਮੁਕੱਦਮਾ ਦਰਜ ਕਰਨ ਦੀ ਮੰਗ 'ਤੇ ਅੜੇ ਰਹੇ | ਹਸਪਤਾਲ ਦੇ ਆਰ.ਡੀ.ਏ. ਦੇ ਜਨਰਲ ਸਕੱਤਰ ਡਾ. ਆਯੂਸ਼ ਰਾਜ ਨੇ ਦੱਸਿਆ ਕਿ ਮਰੀਜ਼ ਨੂੰ ਗਰੇਡ-4 ਦੀ ਪੁਰਾਣੀ ਗੁਰਦੇ ਦੀ ਬਿਮਾਰੀ ਸੀ | ਮਰੀਜ਼ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਹ ਬਜ਼ੁਰਗ ਸੀ | ਮਰੀਜ਼ ਦੀ ਐਮਰਜੈਂਸੀ ਵਿਚ ਮੌਤ ਹੋਈ | ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨਾਲ ਦੁਰਵਿਵਹਾਰ ਕੀਤਾ | ਇਸ ਮਾਮਲੇ ਵਿਚ ਕੇਸ ਦਰਜ ਹੋਣ ਤੋਂ ਬਾਅਦ ਸ਼ਾਮ 7 ਵਜੇ ਸੇਵਾ ਬਹਾਲ ਹੋ ਗਈ |