ਨਵੀਂ ਦਿੱਲੀ, 23 ਅਕਤੂਬਰ (ਮਿਸਰਦੀਪ ਭਾਟੀਆ)-ਉੱਤਰੀ ਜ਼ਿਲ੍ਹਾ ਦਿੱਲੀ ਵਿਚ ਇਕ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ | ਇਥੋਂ ਦੇ ਬਾੜਾ ਹਿੰਦੂ ਰਾਏ ਇਲਾਕੇ ਵਿਚ ਇਕ ਮਜ਼ਦੂਰ ਨੂੰ ਉਸਦੇ ਮਾਲਕ ਮਕਾਨ ਨੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਅਤੇ ਉਸ ਉੱਤੇ ਪੈਸੇ ਚੋਰੀ ਕਰਨ ਦਾ ਦੋਸ਼ ਲਗਾਇਆ | ਇਹ ਮਜ਼ਦੂਰ ਉਸੇ ਦੁਕਾਨ ਵਿਚ ਕੰਮ ਕਰਦਾ ਸੀ | ਜਦੋਂ ਲੋਕਾਂ ਨੇ ਦੁਕਾਨ ਦੇ ਮਾਲਕ ਨਾਲ ਇਸ ਮਾਮਲੇ ਬਾਰੇ ਗੱਲ ਕਰਨੀ ਚਾਹੀ ਤਾਂ ਦੁਕਾਨ ਦੇ ਮਾਲਿਕ ਨੇ ਕਿਹਾ ਕਿ ਉਹ ਤਦ ਤੱਕ ਉਸਨੂੰ ਬੰਨ੍ਹ ਕੇ ਰੱਖੇਗਾ ਜਦ ਤੱਕ ਉਹ ਇਹ ਨਹੀਂ ਦੱਸਦਾ ਕਿ ਪੈਸੇ ਕਿੱਥੇ ਹਨ | ਦੁਕਾਨ ਮਾਲਕ ਦੀਆਂ ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਕਾਨੂੰਨ ਅਤੇ ਪੁਲਿਸ ਉਸ ਲਈ ਕੋਈ ਮਾਇਨੇ ਨਹੀਂ ਰੱਖਦੇ ਹਨ | ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ | ਵੀਡੀਓ ਵਿਚ ਨੌਜਵਾਨ ਖੰਭੇ ਨਾਲ ਬੰਨਿ੍ਹਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਨੌਕਰ ਕਹਿ ਰਿਹਾ ਹੈ ਕਿ ਦੁਕਾਨ ਮਾਲਕ ਨੇ ਮੈਨੂੰ ਚੋਰੀ ਦੇ ਦੋਸ਼ ਵਿਚ ਬੰਨ੍ਹ ਰੱਖਿਆ ਹੈ ਪਰ ਮੈਨੂੰ ਨਹੀਂ ਪਤਾ ਕਿ ਪੈਸੇ ਕਿੱਥੇ ਹਨ |