ਸਿਰਸਾ, 23 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸ਼ਹਿਰ ਸਫਾਈ ਮੁਹਿੰਮ ਦੇ ਹਿੱਸੇ ਵਜੋਂ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਸਿਰਸਾ, ਡੱਬਵਾਲੀ, ਰਾਣੀਆ, ਏਲਨਾਬਾਦ ਤੇ ਕਾਲਾਂਵਾਲੀ ਵਿੱਚ ਸਫਾਈ ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ | ਟੀਮਾਂ ਨੇ ਰਿਹਾਇਸ਼ੀ ਖੇਤਰਾਂ, ਬਾਜ਼ਾਰਾਂ ਤੇ ਜਨਤਕ ਥਾਵਾਂ ਦੀ ਸਫਾਈ ਕੀਤੀ, ਨਾਲ ਹੀ ਉਨ੍ਹਾਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਤੇ ਨਾਗਰਿਕਾਂ ਨੂੰ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਨਗਰ ਕਮਿਸ਼ਨਰ ਵੀਰੇਂਦਰ ਸਹਿਰਾਵਤ ਨੇ ਦੱਸਿਆ ਕਿ ਇਹ ਮੁਹਿੰਮ 7 ਨਵੰਬਰ ਤੱਕ ਜਾਰੀ ਰਹੇਗੀ ਅਤੇ ਇਸਦਾ ਉਦੇਸ਼ ਸ਼ਹਿਰਾਂ ਨੂੰ ਸਾਫ਼, ਹਰਾ-ਭਰਾ ਤੇ ਪ੍ਰਦੂਸ਼ਣ ਮੁਕਤ ਰੱਖਣਾ ਹੈ | ਕਰਮਚਾਰੀ ਬਾਜ਼ਾਰਾਂ, ਕਲੋਨੀਆਂ, ਸੜਕਾਂ, ਪਾਰਕਾਂ ਤੇ ਜਨਤਕ ਥਾਵਾਂ ਦੀ ਸਫਾਈ 'ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ | ਟੀਮਾਂ ਨੇ ਘਰ-ਘਰ ਕੂੜਾ ਇਕੱਠਾ ਕਰਨ ਦਾ ਕੰਮ ਵੀ ਕੀਤਾ | ਸਫਾਈ ਮੁਹਿੰਮ ਦੌਰਾਨ, ਟੀਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਰ ਨਾਗਰਿਕ ਆਪਣੇ ਘਰਾਂ ਤੇ ਆਲੇ-ਦੁਆਲੇ ਨੂੰ ਸਾਫ਼ ਰੱਖੇ ਤਾਂ ਸਵੱਛ ਭਾਰਤ ਤੇ ਸਵੱਛ ਹਰਿਆਣਾ ਦਾ ਸੁਪਨਾ ਸਾਕਾਰ ਹੋ ਸਕਦਾ ਹੈ | ਉਨ੍ਹਾਂ ਜਨਤਾ ਨੂੰ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਤੋਂ ਬਚਣ ਤੇ ਸਿਰਫ਼ ਕੱਪੜੇ ਜਾਂ ਜੂਟ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ |