ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਦਿਸ਼ਾ ਮੀਟਿੰਗ ਦੀ ਪ੍ਰਧਾਨਗੀ ਕੀਤੀ, 27 ਏਜੰਡਿਆਂ 'ਤੇ ਹੋਈ ਚਰਚਾ
ਮੀਟਿੰਗ ਦੌਰਾਨ ਐਮਐਲਏ ਗੋਕੁਲ ਸੇਤੀਆ ਨੇ ਆਪਣੇ ਹਮਾਇਤੀਆਂ ਨਾਲ ਪੰਚਾਇਤ ਭਵਨ ਦੇ ਬਾਹਰ ਦਿੱਤਾ ਧਰਨਾ-ਕੀਤੀ ਨਾਅਰੇਬਾਜ਼ੀ
ਸਿਰਸਾ, 5 ਨਵੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਵਿਕਾਸ, ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਇੱਕ ਮੀਟਿੰਗ ਮੰਗਲਵਾਰ ਨੂੰ ਸਥਾਨਕ ਪੰਚਾਇਤ ਭਵਨ 'ਚ ਹੋਈ | ਮੀਟਿੰਗ ਦੀ ਪ੍ਰਧਾਨਗੀ ਸਿਰਸਾ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ ਕੀਤੀ | ਇਸ ਮੀਟਿੰਗ ਵਿੱਚ ਡੱਬਵਾਲੀ ਦੇ ਵਿਧਾਇਕ ਆਦਿਤਿਆ ਦੇਵੀ ਲਾਲ, ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਪੁਲੀਸ ਸੁਪਰਡੈਂਟ ਦੀਪਕ ਸਹਾਰਨ, ਵਧੀਕ ਡਿਪਟੀ ਕਮਿਸ਼ਨਰ ਵੀਰੇਂਦਰ ਸਹਿਰਾਵਤ, ਐਸਡੀਐਮ ਸਿਰਸਾ ਰਾਜੇਂਦਰ ਕੁਮਾਰ, ਐਸਡੀਐਮ ਕਾਲਾਂਵਾਲੀ ਮੋਹਿਤ ਕੁਮਾਰ ਅਤੇ ਸੀਈਓ ਜ਼ਿਲ੍ਹਾ ਪ੍ਰੀਸ਼ਦ ਡਾ. ਸੁਭਾਸ਼ ਚੰਦਰ ਸ਼ਾਮਲ ਸਨ | ਮੀਟਿੰਗ ਦੌਰਾਨ ਜਿਥੇ ਵਿਕਾਸ ਦੇ ਏਜੰਡਿਆਂ 'ਤੇ ਚਰਚਾ ਹੋਈ ਉਥੇ ਹੀ ਸਿਰਸਾ ਤੋਂ ਕਾਂਗਰਸ ਦੇ ਵਿਧਾਇਕ ਗੋਕੁਲ ਸੇਤੀਆ ਨੇ ਆਪਣੇ ਹਮਾਇਤੀਆਂ ਨਾਲ ਪੰਚਾਇਤ ਭਵਨ ਦੇ ਬਾਹਰ ਧਰਨਾ ਦਿੱਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ | ਇਸ ਦੌਰਾਨ ਗੋਕੁਲ ਸੇਤੀਆ ਤੇ ਉਨ੍ਹਾਂ ਦੇ ਹਮਾਇਤੀਆਂ ਤੇ ਪੁਲੀਸ ਵਿਚਾਲੇ ਦੋ ਤਿੰਨ ਵਾਰ ਧੱਕਾ ਮੁੱਕੀ ਵੀ ਹੋਈ | ਗੋਕੁਲ ਸੇਤੀਆ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਉਨ੍ਹਾਂ ਦੀ ਗੱਲ ਨਾ ਸੁਣਨ ਤੇ ਵਿਕਾਸ ਕਾਰਜਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਦੋਸ਼ ਲਾਏ |ਮੀਟਿੰਗ ਵਿੱਚ ਵੱਖ-ਵੱਖ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨਾਲ ਸਬੰਧਤ 27 ਏਜੰਡੇ ਸ਼ਾਮਲ ਸਨ, ਜਿਨ੍ਹਾਂ 'ਤੇ ਅਧਿਕਾਰੀਆਂ ਨੇ ਆਪਣੇ ਵਿਭਾਗਾਂ ਨਾਲ ਸਬੰਧਤ ਪ੍ਰਗਤੀ ਰਿਪੋਰਟਾਂ ਪੇਸ਼ ਕੀਤੀਆਂ | ਸੰਸਦ ਮੈਂਬਰ ਨੇ ਹਰੇਕ ਏਜੰਡੇ ਦੀ ਗੱਲ ਸੁਣਦੇ ਹੋਏ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ ਅਤੇ ਜਨਤਕ ਲਾਭ ਵੱਧ ਤੋਂ ਵੱਧ ਹੋ ਸਕਣ | ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨਾਲ ਸਬੰਧਤ ਏਜੰਡੇ ਦੀ ਸੁਣਵਾਈ ਕਰਦੇ ਹੋਏ, ਸੰਸਦ ਮੈਂਬਰ ਨੇ ਨਿਰਦੇਸ਼ ਦਿੱਤੇ ਕਿ ਸਾਰੇ ਬੀਡੀਪੀਓ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਆਂਗਣਵਾੜੀ ਕੇਂਦਰਾਂ ਦਾ ਨਿਰੀਖਣ ਕਰਨ ਅਤੇ ਉੱਥੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ | ਸੰਸਦ ਮੈਂਬਰ ਨੇ ਕਿਹਾ ਕਿ ਆਮ ਲੋਕਾਂ ਨੂੰ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ, ਸਾਰੇ ਵਿਭਾਗਾਂ ਨੂੰ ਆਪਣੇ ਵਿਕਾਸ ਕਾਰਜਾਂ ਅਤੇ ਸਕੀਮਾਂ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ | ਨਾਲ ਹੀ, ਇਹ ਯਕੀਨੀ ਬਣਾਇਆ ਜਾਵੇ ਕਿ ਯੋਗ ਵਿਅਕਤੀਆਂ ਨੂੰ ਸਕੀਮ ਦਾ ਲਾਭ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਸਿਰਸਾ ਤੋਂ ਐਮਐਲਏ ਗੋਕੁਲ ਸੇਤੀਆ ਨੇ ਆਪਣੇ ਹਮਾਇਤੀਆਂ ਨਾਲ ਮੀਟਿੰਗ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਪੰਚਾਇਤ ਭਵਨ ਦੇ ਗੇਟ 'ਤੇ ਹੀ ਰੋਕ ਲਿਆ | ਇਸ ਦੌਰਾਨ ਐਮਐਲਏ ਤੇ ਉਨ੍ਹਾਂ ਦੀ ਹਮਾਇਤੀਆਂ ਦੀ ਪੁਲੀਸ ਨਾਲ ਧੱਕਾ ਮੁੱਕੀ ਵੀ ਹੋਈ | ਜਿਸ ਮਗਰੋਂ ਗੋਕੁਲ ਸੇਤੀਆ ਗੇਟ ਟੱਪ ਕੇ ਆਪਣੇ ਹਮਾਇਤੀਆਂ ਨਾਲ ਮੀਟਿੰਗ 'ਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ | ਪੁਲੀਸ ਸਿਰਸਾ ਗੋਕੁਲ ਸੇਤੀਆ ਨੂੰ ਹੀ ਮੀਟਿੰਗ 'ਚ ਜਾਣ ਦੀ ਇਜਾਜਤ ਦਿੱਤੀ ਗਈ | ਇਸ ਮਗਰੋਂ ਗੋਕੁਲ ਸੇਤੀਆ ਦੇ ਉਨ੍ਹਾਂ ਦੇ ਹਮਾਇਤੀ ਮੀਟਿੰਗ ਦੇ ਚਲਦਿਆਂ ਤੱਕ ਪੰਚਾਇਤ ਭਵਨ ਦੇ ਬਾਹਰ ਧਰਨੇ 'ਤੇ ਬੈਠ ਗਏ ਤੇ ਨਾਅਰੇਬਾਜੀ ਕਰਦੇ ਰਹੇ | ਮੀਟਿੰਗ ਸਮਾਪਤ ਹੋਣ ਮਗਰੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਗੋਕੁਲ ਸੇਤੀਆ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇਦਿਆਂ ਦੀ ਗੱਲ ਸੁਣੀ ਜਾਏ ਤੇ ਉਨ੍ਹਾਂ ਵੱਲੋਂ ਸੁਝਾਏ ਗਏ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਏ |
ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ-ਕੁਮਾਰੀ ਸ਼ੈਲਜਾ
ਪੰਚਾਇਤ ਭਵਨ 'ਚ ਦਿਸ਼ਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਐਮ. ਪੀ. ਸ਼ੈਲਜਾ ਤੇ ਹੋਰ ਅਧਿਕਾਰੀ | ਤਸਵੀਰ : ਪੰਨੀਵਾਲੀਆ<br/>
06-11-2025