ਨਵੀਂ ਦਿੱਲੀ, 25 ਨਵੰਬਰ (ਮਿਸਰਦੀਪ ਭਾਟੀਆ)-ਦੇਸ਼ ਦੇ ਉੱਘੇ ਲੇਖਕ ਤੇ ਮੀਡੀਆ ਵਿਸ਼ਲੇਸ਼ਕ ਪ੍ਰੋਫ਼ੈਸਰ (ਡਾ.) ਕ੍ਰਿਸ਼ਨ ਕੁਮਾਰ ਰੱਤੂ ਨੇ ਆਪਣੇ ਪੁਰਾਣੇ ਦੋਸਤ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅਦਾਕਾਰ ਧਰਮਿੰਦਰ ਦਿਲ ਤੇ ਜ਼ਮੀਨ ਦਾ ਸੰਘਰਸ਼ਸ਼ੀਲ ਮਿਸਾਲੀ ਕਲਾਕਾਰ ਸੀ | ਉਹ ਇਕ ਸਿਤਾਰਾ ਹੀ ਨਹੀਂ, ਭਾਰਤ ਦੀ ਧੜਕਣ ਸੀ | ਉਨ੍ਹਾਂ ਕਿਹਾ ਕਿ ਭਾਰਤੀ ਫ਼ਿਲਮ ਇੰਡਸਟਰੀ ਦੇ ਅਦਭੁੱਤ ਤੇ ਸਭ ਤੋਂ ਚਮਕਦਾਰ ਸਿਤਾਰੇ ਧਰਮਿੰਦਰ ਹੁਣ ਇਸ ਦੁਨੀਆ ਵਿਚ ਨਹੀਂ ਰਹੇ | ਉਨ੍ਹਾਂ ਦੇ ਜਾਣ ਨਾਲ ਭਾਰਤੀ ਫ਼ਿਲਮ ਇੰਡਸਟਰੀ ਨੂੰ ਜੋ ਘਾਟਾ ਪਿਆ ਹੈ, ਉਹ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਹੈ ਕਿਉਂਕਿ ਧਰਮਿੰਦਰ ਇਕ ਅਦਭੁਤ, ਵਿਲੱਖਣ ਤੇ ਸਭ ਤੋਂ ਨਿਮਰਤਾਵਾਨ ਧਰਤੀ ਦੇ ਅਦਾਕਾਰ ਸਨ | ਜਦੋਂ 24 ਨਵੰਬਰ 2025 ਦੀ ਸਵੇਰ ਨੂੰ ਖ਼ਬਰ ਆਈ ਕਿ ਧਰਮ ਜੀ ਸਾਨੂੰ ਸਦਾ ਲਈ ਅਲਵਿਦਾ ਆਖ ਗਏ ਤਾਂ ਲੱਗਿਆ ਜਿਵੇਂ ਕਿਸੇ ਨੇ ਪੰਜਾਬ ਦੀ ਧਰਤੀ ਦਾ ਇਕ ਵੱਡਾ ਟੁਕੜਾ ਹੀ ਉਖਾੜ ਲਿਆ ਹੋਵੇ | ਉਹ ਗਏ ਨਹੀਂ ਉਹ ਤਾਂ ਸਾਡੇ ਦਿਲਾਂ ਵਿਚੋਂ ਵੀ ਨਹੀਂ ਗਏ-ਬਸ ਅੱਖਾਂ ਤੋਂ ਓਹਲੇ ਹੋ ਗਏ ਹਨ | ਦੂਰਦਰਸ਼ਨ ਦੇ ਉਪ ਮਹਾਨਿਰਦੇਸ਼ਕ ਰਹੇ ਡਾ. ਕ੍ਰਿਸ਼ਨ ਕੁਮਾਰ ਰੱਤੂ, ਜਿਨ੍ਹਾਂ ਨੇ ਧਰਮਿੰਦਰ ਨੂੰ 35 ਸਾਲ ਨੇੜਿਓਾ ਵੇਖਿਆ, ਆਖਦੇ ਹਨ ਕਿ ਧਰਮਿੰਦਰ ਭਾਰਤ ਦੇ ਆਮ ਆਦਮੀ ਦੀ ਰੂਹ ਸਨ | ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਨਿਮਰਤਾ ਨਾਲ ਦੇਸ਼ ਦੇ ਕਰੋੜਾਂ ਦਿਲ ਜਿੱਤੇ, ਉਹ ਕਿਸੇ ਹੋਰ ਨੂੰ ਨਸੀਬ ਨਹੀਂ ਹੋਇਆ | ਧਰਮਿੰਦਰ ਨੂੰ ਸ਼ਰਧਾਂਜਲੀ ਦਿੰਦਿਆਂ ਡਾ. ਰੱਤੂ ਨੇ ਕਿਹਾ ਕਿ ਧਰਮਿੰਦਰ ਦਾ ਜਾਣਾ ਭਾਰਤੀ ਅਦਾਕਾਰੀ ਦੇ ਇਕ ਪੂਰੇ ਯੁੱਗ ਦਾ ਅੰਤ ਹੈ-ਉਹ ਯੁਗ ਹੋ ਮਿੱਟੀ ਨਾਲ ਜੁੜਿਆ ਹੋਇਆ ਸੀ, ਜਿਸ ਵਿਚ ਪੰਜਾਬ ਦੀ ਖੁਸ਼ਬੂ ਸੀ ਜਿਸ ਵਿਚ ਭਾਰਤੀ ਮਰਦ ਦਾ ਗੁੱਸਾ ਵੀ ਸੀ ਤੇ ਪਿਆਰ ਵੀ |