ਨਵੀਂ ਦਿੱਲੀ, 25 ਨਵੰਬਰ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਦੁਆਰਾ ਪ੍ਰਸਿੱਧ ਹਿੰਦੀ ਨਾਟਕਕਾਰ ਅਤੇ ਰੰਗਕਰਮੀ ਦਇਆ ਪ੍ਰਕਾਸ਼ ਸਿਨਹਾ ਦੀ ਯਾਦ ਵਿਚ ਇਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ | ਸਭ ਤੋਂ ਪਹਿਲਾਂ ਦਇਆ ਪ੍ਰਕਾਸ਼ ਸਿਨਹਾ ਦੀ ਧੀ ਅਚਾਰਿਆ ਸ਼ੂਨਿਆ ਦੁਆਰਾ ਭੇਜਿਆ ਗਿਆ ਸੰਦੇਸ਼ ਪੜਿ੍ਹਆ ਗਿਆ, ਜਿਸ ਵਿਚ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਸਾਹਿਤ ਜਗਤ ਦੀ ਉਸੇ ਰੌਸ਼ਨੀ ਤੋਂ ਪੈਦਾ ਹੋਏ ਸਨ, ਜਿਸਦੀ ਲਾਟ ਇਸ ਸਮਾਗਮ ਵਿਚ ਪ੍ਰਜਵਲਿਤ ਹੈ | ਮੇਰੇ ਪਿਤਾ ਦੀ ਨਾਟਕ ਲੇਖਣੀ ਸਿਰਫ਼ ਮਨੋਰੰਜਨ ਨਹੀਂ ਸੀ-ਉਹ ਇਤਿਹਾਸ, ਸੱਭਿਆਚਾਰ ਅਤੇ ਮਨੁੱਖੀ ਡੂੰਘਾਈਆਂ ਦਾ ਇਕ ਜੀਵੰਤ ਸੰਵਾਦ ਸੀ | ਦਇਆ ਪ੍ਰਕਾਸ਼ ਸਿਨਹਾ ਸਿਰਫ਼ ਇਕ ਨਾਂਅ ਨਹੀਂ ਸੀ ਸਗੋਂ ਇਕ ਧਾਰਾ ਸੀ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੀ ਰਹੇਗੀ | ਸੰਗੀਤ ਨਾਟਕ ਦੀ ਪ੍ਰਧਾਨ ਸੰਧਿਆ ਪੁਰੇਚਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਾਜ ਦੀਆਂ ਸੰਵੇਦਨਾਵਾਂ, ਸਚਾਈਆਂ ਅਤੇ ਡੂੰਘਾਈਆਂ ਨੂੰ ਨਾਟਕਾਂ ਦੇ ਰੂਪ ਵਿਚ ਪੇਸ਼ ਕੀਤਾ | ਉਨ੍ਹਾਂ ਦੀ ਲਿਖਤ ਅਤੇ ਜੀਵਨ ਦਾ ਦਰਸ਼ਨ ਇਕੋ ਜਿਹਾ ਸੀ | ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਦਇਆ ਪ੍ਰਕਾਸ਼ ਸਿਨਹਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾਟਕ ਅਤੇ ਸਾਹਿਤ ਦੇ ਵਿਚਕਾਰ ਇਕ ਸ਼ਾਨਦਾਰ ਸੰਤੁਲਨ ਬਣਾਇਆ | ਉਹ ਭਾਰਤੀ ਸਾਹਿਤ ਅਤੇ ਸੱਭਿਆਚਾਰ ਦਾ ਸਭ ਤੋਂ ਵੱਡਾ ਰਾਜਦੂਤ ਸੀ | ਉਸਨੂੰ ਪੂਰੀ ਤਰ੍ਹਾਂ ਇਕ ਮਹਾਨ ਲੇਖਕ ਮੰਨਿਆ ਜਾ ਸਕਦਾ ਹੈ | ਸਾਹਿਤ ਅਕਾਦਮੀ ਦੀ ਉਪ ਪ੍ਰਧਾਨ ਕੁਮੁਦ ਸ਼ਰਮਾ, ਜੋ ਸਭਾ ਵਿਚ ਆਨਲਾਈਨ ਜੁੜੀ, ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਲਈ ਲੜੀ ਅਤੇ ਇਸਨੂੰ ਆਪਣੇ ਜੀਵਨ ਵਿਚ ਮੂਰਤੀਮਾਨ ਕੀਤਾ | ਇਸ ਤੋਂ ਇਲਾਵਾ ਅਨਿਲ ਜੋਸ਼ੀ, ਸੁਮਨ ਕੁਮਾਰ, ਸੰਜੀਵ ਸਿਨਹਾ, ਸ਼ੈਲੇਸ਼ ਸ੍ਰੀਵਾਸਤਵ ਅਤੇ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ | ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਨੇ ਇਕ ਮਿੰਟ ਦਾ ਮੌਨ ਰੱਖ ਕੇ ਸਵ. ਦਯਾ ਪ੍ਰਕਾਸ਼ ਸਿਨਹਾ ਨੂੰ ਸ਼ਰਧਾਂਜਲੀ ਦਿੱਤੀ | ਪ੍ਰੋਗਰਾਮ ਦਾ ਸੰਚਾਲਨ ਅਕੈਡਮੀ ਦੇ ਡਿਪਟੀ ਸੈਕਟਰੀ ਦੇਵੇਂਦਰ ਕੁਮਾਰ ਦੇਵੇਸ਼ ਨੇ ਕੀਤਾ |