ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਜ਼ਾਦੀ ਦੀ ਖ਼ਾਤਰ ਔਰੰਗਜ਼ੇਬ ਦੀ ਸੋਚ ਦਾ ਵਿਰੋਧ ਕੀਤਾ ਸੀ-ਗਿ. ਹਰਪਾਲ ਸਿੰਘ
ਕਰਨਾਲ, 25 ਨਵੰਬਰ (ਗੁਰਮੀਤ ਸਿੰਘ ਸੱਗੂ)-ਇਕ ਦੇਸ਼ 'ਚ ਇਕ ਧਰਮ ਅਤੇ ਭਾਸ਼ਾ ਦਾ ਵਿਚਾਰ ਔਰੰਗਜ਼ੇਬ ਦੀ ਸੋਚ ਸੀ ਕਿਉਂਕਿ ਉਹ ਇਸ ਦੇਸ਼ 'ਚ ਸਿਰਫ਼ ਇਕ ਧਰਮ ਇਸਲਾਮ ਚਾਹੁੰਦਾ ਸੀ ਜਦਕਿ ਪ੍ਰਮਾਤਮਾ ਵਿਭਿੰਨਤਾ ਨੂੰ ਪਿਆਰ ਕਰਦਾ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਸੋਚ ਦਾ ਵਿਰੋਧ ਕੀਤਾ ਸੀ ਅਤੇ ਹਰ ਕਿਸੇ ਨੂੰ ਆਪਣੇ ਧਰਮ ਨੂੰ ਆਪਣੇ ਤਰੀਕੇ ਨਾਲ ਨਿਭਾਉਣ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕੀਤਾ | ਇਹ ਪ੍ਰਗਟਾਵਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿ. ਹਰਪਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ | ਉਹ ਬਾਬਾ ਸੁੱਖਾ ਸਿੰਘ ਦੇ ਸਹਿਯੋਗ ਨਾਲ ਡੇਰਾ ਕਾਰ ਸੇਵਾ ਵਿਖੇ ਏਕ ਓਾਕਾਰ ਮੀਡੀਆ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ 'ਚ ਗੁਰਬਾਣੀ ਵਿਚਾਰਾਂ ਦੀ ਸਾਂਝ ਪਾ ਰਹੇ ਸਨ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਨੌਵੇਂ ਗੁਰੂ ਸਾਹਿਬ ਦੀ ਸਮੁੱਚੀ ਬਾਣੀ ਦੇ ਅਖੰਡ ਕੀਰਤਨ ਸਮਾਗਮ ਮੌਕੇ ਕਰਨਾਲ ਦੀਆਂ ਸੰਗਤਾਂ ਨੂੰ ਨਾ ਸਿਰਫ਼ ਕੀਰਤਨ ਅਤੇ ਕਥਾ 'ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਸਗੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਹੈ | ਏਕ ਓਾਕਾਰ ਮੀਡੀਆ ਵਲੋਂ ਡੇਰਾ ਕਾਰ ਸੇਵਾ ਮੁਖੀ ਬਾਬਾ ਸੁੱਖਾ ਸਿੰਘ, ਇੰਟਰਨੈਸ਼ਨਲ ਸਿੱਖ ਫੋਰਮ ਅਤੇ ਸਿੱਖ ਸੰਗਠਨਾਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮ 'ਚ ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਦੀ ਨੌਵੀਂ ਪੀੜ੍ਹੀ ਅਤੇ ਮਹਾਨ ਸਿੱਖ ਸ਼ਹੀਦ ਭਾਈ ਪਰਾਗਾ ਦੀ 13ਵੀਂ ਪੀੜ੍ਹੀ ਦੇ ਭਾਈ ਚਰਨਜੀਤ ਸਿੰਘ ਨੇ ਆਪਣੇ ਪਰਿਵਾਰ ਦਾ ਇਤਿਹਾਸ ਸੁਣਾਉਂਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਗਏ ਹੁਕਮਨਾਮੇ, ਪ੍ਰਾਚੀਨ ਸ੍ਰੀ ਅਕਾਲ ਬੁੰਗਾ (ਮੌਜੂਦਾ ਸ੍ਰੀ ਅਕਾਲ ਤਖ਼ਤ ਸਾਹਿਬ) ਤੋਂ ਜਾਰੀ ਅਸਲ ਹੁਕਮਨਾਮੇ, ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਦਾ ਭਾਈ ਮਤੀ ਦਾਸ ਦਾ ਬੰਸਾਵਲੀ ਨਾਮਾ ਅਤੇ ਗੁਰੂ ਸਾਹਿਬ ਦੇ ਸਮੇਂ ਦਾ ਚੰਦੋਆ ਜੋ ਕਿ ਸ਼ੁੱਧ ਸੁਨਹਿਰੀ ਤੀਲੇ ਅਤੇ ਮੋਰ ਦੇ ਖੰਭਾਂ ਵਾਲੇ ਧਾਗੇ ਨਾਲ ਬਣਿਆ ਹੈ, ਦੇ ਦਰਸ਼ਨ ਸੰਗਤ ਨੂੰ ਕਰਵਾਏ | ਏਕ ਓਾਕਾਰ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਇੰਟਰਨੈਸ਼ਨਲ ਸਿੱਖ ਫੋਰਮ ਦੇ ਜਨਰਲ ਸਕੱਤਰ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਡੇਰਾ ਕਾਰ ਸੇਵਾ 'ਚ ਸਵੇਰੇ 8 ਵਜੇ ਕੀਰਤਨ ਸ਼ੁਰੂ ਹੋਇਆ, ਜੋ ਕਿ ਰਾਤ ਦੇ 10 ਵਜੇ ਤੱਕ ਜਾਰੀ ਰਿਹਾ | ਉਨ੍ਹਾਂ ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ 15 ਰਾਗਾਂ 'ਚ ਉਚਾਰੇ ਗਏ 59 ਸ਼ਬਦ ਅਤੇ 57 ਸਲੋਕਾਂ ਦਾ ਪਾਠ ਕੀਤਾ ਗਿਆ ਅਤੇ ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੁਆਰਾ ਸਮੁੱਚੀ ਬਾਣੀ ਦਾ ਸਾਰ ਗਾਇਨ ਕੀਤਾ ਗਿਆ | ਇਕੱਤਰਤਾ 'ਚ ਸਿੱਖ ਸੰਪਰਦਾ ਦੇ ਸਰਵਉੱਚ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ, ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ, ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲਿਆਂ ਅਤੇ ਭਾਈ ਜਗਮੋਹਨ ਸਿੰਘ ਪਟਿਆਲਾ ਵਾਲਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ | ਅਖੰਡ ਕੀਰਤਨ ਸਮਾਗਮ 'ਚ ਹਾਜ਼ਰੀ ਭਰਨ ਵਾਲੇ ਵਿਸ਼ੇਸ਼ ਮਹਿਮਾਨਾਂ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਚੜ੍ਹਦੀ ਕਲਾ ਟਾਈਮ ਟੀ. ਵੀ. ਦੇ ਚੇਅਰਮੈਨ ਪਦਮ ਸ੍ਰੀ ਜਗਜੀਤ ਸਿੰਘ ਦਰਦੀ, ਪੰਜਾਬ ਭਵਨ ਸਰੀ ਕੈਨੇਡਾ ਦੇ ਪ੍ਰਧਾਨ ਸੁੱਖੀ ਬਾਠ, ਸੁਪਰੀਮ ਕੋਰਟ ਦੇ ਸਾਲਿਸਟਰ ਅਤੇ ਇਤਿਹਾਸਕਾਰ ਪ੍ਰੋ. ਭੁਪਿੰਦਰ ਸਿੰਘ ਇੰਗਲੈਂਡ, ਕਿਸਾਨ ਆਗੂ ਗੁਰਨਾਮ ਸਿੰਘ ਚਾੜੂਨੀ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਲਾਡੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਅੰਮਿ੍ਤਪਾਲ ਸਿੰਘ ਆਦਿ ਸ਼ਾਮਿਲ ਸਨ | ਇਸ ਮੌਕੇ ਮੰਚ ਦਾ ਸੰਚਾਲਨ ਦਰਸ਼ਨ ਸਿੰਘ ਕੈਨੇਡਾ ਵਾਲਿਆਂ ਨੇ ਕੀਤਾ | ਇਸੇ ਦੌਰਾਨ ਡੇਰਾ ਕਾਰ ਸੇਵਾ ਵਾਲੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਬਾਬਾ ਸੁੱਖਾ ਸਿੰਘ ਵਲੋਂ ਗੁਰੂ ਦਾ ਲੰਗਰ ਸਵੇਰ ਤੋਂ ਲੈ ਕੇ ਰਾਤ ਤੱਕ ਅਟੁੱਟ ਵਰਤਾਇਆ ਗਿਆ | ਸਮਾਗਮ ਨੂੰ ਸਫ਼ਲ ਬਣਾਉਣ 'ਚ ਦਸਮੇਸ਼ ਅਖਾੜੇ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ, ਪੰਜਾਬ ਸਿੰਘ ਇੰਟਰਨੈਸ਼ਨਲ ਸਿੱਖ ਫੋਰਮ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਚੱਠਾ, ਜਤਿੰਦਰ ਸਿੰਘ, ਕੁਲਵੰਤ ਸਿੰਘ ਕਲੇਰ, ਰਤਨ ਸਿੰਘ ਸੱਗੂ, ਅਮਨਦੀਪ ਸਿੰਘ, ਗੁਰੂ ਨਾਨਕ ਸੇਵਕ ਜਥੇ ਦੇ ਰਾਜੂ ਮਿੱਡਾ ਨੇ ਅਹਿਮ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਦਸਮੇਸ਼ ਅਖਾੜਾ, ਗੁਰੂ ਨਾਨਕ ਸੇਵਕ ਜਥਾ, ਭਾਈ ਘਨੱ੍ਹਈਆ ਜੀ ਸੁਖਮਨੀ ਸਾਹਿਬ ਸੁਸਾਇਟੀ, ਨੌਜਵਾਨ ਸਿੱਖ ਸੇਵਾ ਦਲ, ਨੌਜਵਾਨ ਸਿੰਘ ਸਭਾ, ਗੁਰੂ ਤੇਗ ਬਹਾਦਰੀ ਸੇਵਾ ਮਿਸ਼ਨ, ਸ੍ਰੀ ਸਹਿਜ ਪਾਠ ਸੇਵਾ ਲਹਿਰ, ਸਿੱਖ ਮਿਸ਼ਨਰੀ ਕਾਲਜ ਅਤੇ ਅਨੂਪ ਕਿਤਾਬ ਘਰ ਨੇ ਸਫਲ ਸੰਚਾਲਨ ਅਤੇ ਸੇਵਾ ਗਤੀਵਿਧੀਆਂ 'ਚ ਵਿਸ਼ੇਸ਼ ਯੋਗਦਾਨ ਪਾਇਆ |
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਅਖੰਡ ਕੀਰਤਨ ਸਮਾਗਮ ਕਰਵਾਇਆ
ਅਜੀਤ ਡੈਸਕ
26-11-2025