ਕਰਨਾਲ, 25 ਨਵੰਬਰ (ਗੁਰਮੀਤ ਸਿੰਘ ਸੱਗੂ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ , ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਅਤੇ ਭਾਈ ਜੈਤਾ ਜੀ ਵਲੋਂ ਗੁਰੂ ਸਾਹਿਬ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਲੈ ਕੇ ਜਾਣ ਦੀ ਸੇਵਾ ਨੂੰ ਸਮਰਪਿਤ 'ਸੀਸ ਮਾਰਗ' ਨਗਰ ਕੀਰਤਨ ਦੇ ਬੜ ਖਾਲਸਾ (ਰਾਈ) ਹਰਿਆਣਾ ਰਾਜ ਵਿਖੇ ਅੱਜ ਪਹੁੰਚਣ 'ਤੇ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਅਗਵਾਈ 'ਚ ਸੰਗਤਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਬੜ ਖਾਲਸਾ ਹਰਿਆਣਾ ਰਾਜ 'ਚ ਦਾਖਲ ਹੋਇਆ, ਜਿਥੇ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਇਸ ਸ਼ਹੀਦੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ | ਨਗਰ ਕੀਰਤਨ ਦੇ ਪ੍ਰਬੰਧਕ ਵਿਜੈ ਸਿੰਘ ਸਕੱਤਰ, ਸਤਨਾਮ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਹਰਭਜਨ ਸਿੰਘ ਸੁਪਰਵਾਈਜ਼ਰ ਅਮਲਾ ਵਿਭਾਗ ਤੇ ਮਲਕੀਤ ਸਿੰਘ ਇੰਚਾਰਜ ਅਮਲਾ ਵਿਭਾਗ ਆਦਿ ਵਲੋਂ ਵਿਸ਼ੇਸ਼ ਸੇਵਾ ਨਿਭਾਈ ਜਾ ਰਹੀ ਹੈ | ਇਸ ਮੌਕੇ ਕਾਲਾ ਸਿੰਘ ਵਿਰਕ ਸੀਨੀਅਰ ਅਕਾਲੀ ਆਗੂ, ਪ੍ਰਤਾਪ ਸਿੰਘ ਸੇਖੂਪੁਰਾ ਮੰਚੂਰੀ, ਬਲਕਾਰ ਸਿੰਘ ਅਸੰਧ, ਮਨਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਸੁਖਦੇਵ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਰਵਿੰਦਰ ਸਿੰਘ, ਪਰਵਿੰਦਰ ਸਿੰਘ, ਚਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਹਰਿੰਦਰ ਸਿੰਘ, ਬਲਜਿੰਦਰ ਸਿੰਘ, ਸ਼ੇਰ ਸਿੰਘ, ਨਰਿੰਦਰ ਸਿੰਘ ਤੇ ਦਿਲਬਾਗ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਹ ਨਗਰ ਕੀਰਤਨ ਬੜ ਖਾਲਸਾ ਤੋਂ ਸੈਕਟਰ-15 ਸੋਨੀਪਤ, ਜਿਥੇ ਪ੍ਰਬੰਧਕਾਂ ਵਲੋਂ ਦੁਪਹਿਰ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਨੂੰ ਹੁੰਦਾ ਹੋਇਆ ਸਮਾਲਖਾ, ਪਾਣੀਪਤ, ਘਰੋਂਡਾ, ਕਲੰਦਰੀ ਗੇਟ ਕਰਨਾਲ, ਗੁਰਦੁਆਰਾ ਸੁਖਮਨੀ ਸਾਹਿਬ ਸੈਕਟਰ-7 ਕਰਨਾਲ, ਜੀ. ਟੀ. ਰੋਡ ਰਾਹੀਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਵਿਖੇ ਪੁੱਜਿਆ, ਜਿਥੇ ਅੱਜ ਰਾਤਰੀ ਦਾ ਵਿਸ਼ਰਾਮ ਹੋਵੇਗਾ ਅਤੇ ਅਗਲੇ ਦਿਨ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਲਈ ਰਵਾਨਾ ਹੋਵੇਗਾ |
'ਸੀਸ ਮਾਰਗ' ਨਗਰ ਕੀਰਤਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਜ਼ਿਲ੍ਹਾ ਕਰਨਾਲ ਵਿਖੇ ਰਾਤ ਦੇ ਵਿਸ਼ਰਾਮ ਲਈ ਠਹਿਰਿਆ-ਸੁਖਵਿੰਦਰ ਸਿੰਘ ਇੰਚਾਰਜ
ਅਜੀਤ ਡੈਸਕ
26-11-2025