ਕਰਨਾਲ, 25 ਨਵੰਬਰ (ਗੁਰਮੀਤ ਸਿੰਘ ਸੱਗੂ)-ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ 'ਸੀਸ ਭੇਟ ਯਾਤਰਾ' ਦਾ ਕਰਨਾਲ ਪਹੁੰਚਣ 'ਤੇ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਅਤੇ ਸੰਗਤਾਂ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ | ਇਹ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਥੇਦਾਰ ਬਾਬਾ ਮੇਜਰ ਸਿੰਘ ਮੁਖੀ ਦਸਮੇਸ਼ ਤਰਨਾ ਦਲ ਸਮੇਤ ਹੋਰਨਾਂ ਨਿਹੰਗ ਸਿੰਘ ਜਥਿਆਂ ਵਲੋਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ | ਇਹ ਯਾਤਰਾ ਜਿਸ ਮਾਰਗ ਤੋਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ, ਉਸੇ ਮਾਰਗ ਤੋਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀ ਹੈ ਜੋ ਬਾਗਪਤ ਦੇ ਰਸਤਿਓਾ ਹੁੰਦੀ ਹੋਈ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪਹੁੰਚੀ, ਜਿਥੇ ਸੰਗਤਾਂ ਅਤੇ ਬਾਬਾ ਸੁੱਖਾ ਸਿੰਘ ਵਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਬਾਬਾ ਸੁੱਖਾ ਸਿੰਘ ਵਲੋਂ ਪੰਜ ਪਿਆਰਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਯਾਤਰਾ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁੰਦਰ ਫੁੱਲਾਂ ਨਾਲ ਸਜਾਈ ਗਈ ਪਾਲਕੀ ਸਾਹਿਬ 'ਚ ਸੁਸ਼ੋਭਿਤ ਸਨ | ਇਸ ਮੌਕੇ ਡੇਰਾ ਕਾਰ ਸੇਵਾ ਵਲੋਂ ਸੇਵਾਦਾਰ ਗੁਰਸੇਵਕ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਸੰਗਤਾਂ ਵਿਚਕਾਰ ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਬਾਬਾ ਸੁੱਖਾ ਸਿੰਘ ਵਲੋਂ ਗ੍ਰੰਥੀ ਮਨਜ਼ੂਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਸਾਹਿਬ ਭੇਟ ਕੀਤੇ | ਇਸ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਪਿ੍ਤਪਾਲ ਪੰਨੂ ਅਤੇ ਦਸਮੇਸ਼ ਅਖਾੜੇ ਦੇ ਜਥੇਦਾਰ ਗੁਰਤੇਜ ਸਿੰਘ ਖਾਲਸਾ ਨੇ ਦੱਸਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਉਨ੍ਹਾਂ ਦਾ ਸੀਸ ਬੁੱਕਲ 'ਚ ਲੈ ਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ ਤੇ ਜਿਸ ਰਸਤੇ ਰਾਹੀਂ ਭਾਈ ਜੈਤਾ ਜੀ ਗਏ ਸਨ, ਉਸੇ ਮਾਰਗ 'ਤੋਂ ਹੁੰਦੀ ਹੋਈ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ | ਇਸ ਯਾਤਰਾ ਦਾ ਅੱਜ ਦਾ ਰਾਤਰੀ ਦਾ ਠਹਿਰਾਓ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਵਿਖੇ ਹੋਵੇਗਾ ਜਦਕਿ ਕੱਲ੍ਹ ਤਰਾਵੜੀ ਤੋਂ ਯਾਤਰਾ ਅਗਲੇ ਪੜਾਅ ਲਈ ਸਵੇਰੇ ਰਵਾਨਾ ਹੋਵੇਗੀ ਅਤੇ ਵੱਖਰੇ ਸ਼ਹਿਰਾਂ ਦੇ ਰਸਤਿਆਂ ਰਾਹੀਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ | ਸੀਸ ਭੇਟ ਯਾਤਰਾ ਦਾ ਡੇਰਾ ਕਾਰ ਸੇਵਾ ਵਿਖੇ ਪਹੁੰਚਣ 'ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਸੱਗੂ, ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਕਲੇਰ, ਸੇਵਾਦਾਰ ਗੁਰਸੇਵਕ ਸਿੰਘ, ਪਿ੍ਤਪਾਲ ਸਿੰਘ ਪੰਨੂ, ਗੁਰਤੇਜ ਸਿੰਘ ਖਾਲਸਾ ਤੇ ਜਸਵਿੰਦਰ ਸਿੰਘ ਬਿੱਲਾ ਸਮੇਤ ਹੋਰਨਾਂ ਸੇਵਾਦਾਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ |
'ਸੀਸ ਭੇਟ ਯਾਤਰਾ' ਦਾ ਕਰਨਾਲ ਪਹੁੰਚਣ 'ਤੇ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਕੀਤਾ ਗਿਆ ਸਵਾਗਤ
ਅਜੀਤ ਡੈਸਕ
26-11-2025