ਕਿਸ਼ਨਗੜ੍ਹ,15 ਜੂਨ (ਹੁਸਨ ਲਾਲ)-ਬੀਤੇ ਦਿਨੀਂ ਪਿੰਡ ਸੰਘਵਾਲ ਦੇ ਇੱਕ ਨੌਜਵਾਨ ਦੀ ਭੇਦ ਭਰੇ ਹਲਾਤ ਵਿੱਚ ਮੌਤ ਹੋ ਗਈ ਸੀ ਤੇ ਉਸ ਦੀ ਲਾਸ਼ ਪਿੰਡ ਦੁਗਰੀ ਨਜ਼ਦੀਕ ਮੱਕੀ ਦੇ ਖੇਤ 'ਚੋਂ 9 ਜੂਨ ਸ਼ਾਮ ਨੂੰ ਖਰਾਬ ਹੋਈ ਹਾਲਤ 'ਚ ਮਿਲੀ ਸੀ | ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਖਰਾਬ ਹੋਣ ਕਾਰਨ ਬਿਨ੍ਹਾਂ ਪੋਸਟਮਾਰਟਮ ਕਰਵਾਏ ਪਿੰਡ ਦੇ ਕੁਝ ਮੋਹਤਵਾਰ ਵਿਅਕਤੀਆਂ ਤੇ ਸਕੇ ਸਬੰਧੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨੌਜਵਾਨ ਰਵੀ ਕੁਮਾਰ ਪੁੱਤਰ ਤੀਰਥ ਰਾਮ ਦੀ ਲਾਸ਼ ਦਾ ਦੇਰ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਦੂਸਰੇ ਦਿਨ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਵੱਢ ਵੱਢ ਕੇ ਖਾਈ ਜਾ ਰਹੀ ਸੀ ਕਿ ਆਖਰ ਉਨ੍ਹਾਂ ਦੇ ਪੁੱਤ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਕਿਉਂਕਿ ਮਿ੍ਤਕ ਨੌਜਵਾਨ ਦੇ ਸਰੀਰ 'ਤੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਉਸ ਦਾ ਮੋਬਾਇਲ ਵੀ ਨਹੀਂ ਮਿਲਿਆ | ਇਸ ਸਬੰਧੀ ਮਿ੍ਤਕ ਨੌਜਵਾਨ ਰਵੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੱਧਰ 'ਤੇ ਪਿੰਡ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਕੈਮਰਿਆਂ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਹੀ ਪਿੰਡ ਦੇ ਇੱਕ ਨੌਜਵਾਨ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਉਨ੍ਹਾਂ ਦਾ ਲੜਕਾ ਕਿਧਰੇ ਜਾ ਰਿਹਾ ਸੀ | ਇਸ ਸਬੰਧੀ ਉਨ੍ਹਾਂ ਇਕੱਠੇ ਹੋ ਕੇ ਪੁਲਿਸ ਚੌਂਕੀ ਕਿਸ਼ਨਗੜ੍ਹ ਵਿਖੇ ਉਕਤ ਨੌਜਵਾਨ ਤੋਂ ਪੁੱਛਗਿੱਛ ਕਰਨ ਸਬੰਧੀ ਸ਼ਿਕਾਇਤ ਦਿੱਤੀ | ਇਸ ਸਬੰਧੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਵਲੋਂ ਉਕਤ ਨੌਜਵਾਨ ਨੂੰ ਪੁੱਛਗਿਛ ਕਰਨ ਲਈ ਰਾਉਂਡ ਅਪ ਕੀਤਾ | ਲੇਕਿਨ 4 ਦਿਨ ਬੀਤਣ ਤੋਂ ਬਾਅਦ ਕਿਸ਼ਨਗੜ੍ਹ ਪੁਲਿਸ ਚੌਂਕੀ ਇੰਚਾਰਜ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਪਰਿਵਾਰਕ ਮੈਂਬਰਾਂ ਨੇ ਪੂਰੇ ਪਿੰਡ ਨਿਵਾਸੀਆਂ ਨਾਲ ਇਕੱਠੇ ਹੋ ਕੇ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਂਕ 'ਚ ਹਾਈਵੇ 'ਤੇ ਧਰਨਾ ਲਗਾ ਦਿੱਤਾ ਤੇ ਚੌਂਕੀ ਇੰਚਾਰਜ ਕਿਸ਼ਨਗੜ੍ਹ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪ੍ਰਦਰਸ਼ਨਕਾਰੀਆਂ ਵਲੋਂ ਚੌਂਕੀ ਇੰਚਾਰਜ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ | ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਕਰਤਾਰਪੁਰ ਦੇ ਐਸਐਚਓ ਰਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਨਿਵਾਸੀਆਂ ਨੂੰ ਇਨਸਾਫ ਦੇਣ ਦਾ ਭਰੋਸਾ ਦੇ ਕੇ ਧਰਨੇ ਨੂੰ ਸਮਾਪਤ ਕਰਵਾਇਆ ਤੇ ਪੁਲਿਸ ਚੌਂਕੀ ਕਿਸ਼ਨਗੜ੍ਹ ਵਿਖੇ ਬਿਠਾ ਕੇ ਉਨ੍ਹਾਂ ਦੀ ਪੂਰੀ ਗੱਲਬਾਤ ਸੁਣੀ ਤੇ ਪਰਿਵਾਰਿਕ ਮੈਂਬਰਾਂ ਵਲੋਂ ਜਿਨਾਂ ਨੌਜਵਾਨਾਂ 'ਤੇ ਸ਼ੱਕ ਜਾਹਰ ਕੀਤੀ ਸੀ ਪੁਲਿਸ ਵਲੋਂ ਪਿੰਡ ਸੰਘਵਾਲ ਦੇ ਹੀ ਦੋ ਸਕੇ ਭਰਾਵਾਂ ਨੂੰ ਚੌਂਕੀ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ | ਇਸ ਸਬੰਧੀ ਜਦੋਂ ਥਾਣਾ ਕਰਤਾਰਪੁਰ ਦੇ ਐਸਐਚਓ ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵਲੋਂ ਜਿਨਾਂ ਨੌਜਵਾਨਾਂ 'ਤੇ ਸ਼ੱਕ ਜਾਹਿਰ ਕੀਤੀ ਸੀ ਉਨ੍ਹਾਂ ਨੂੰ ਚੌਂਕੀ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |