05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸ਼ਹਿਰ 'ਚ ਲਗਾਤਾਰ ਵਧ ਰਹੀ ਹੈ ਝੁੱਗੀਆਂ-ਝੌਂਪੜੀਆਂ ਦੀ ਗਿਣਤੀ

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਸ਼ਿਵ)-ਇਕ ਪਾਸੇ ਤਾਂ ਸਰਕਾਰ ਵਲੋਂ ਲੋੜਵੰਦਾਂ ਲਈ ਮਕਾਨ ਬਣਾ ਕੇ ਦੇਣ ਲਈ ਲੰਬੇ ਸਮੇਂ ਤੋਂ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਦੂਜੇ ਪਾਸੇ ਸ਼ਹਿਰ 'ਚ ਝੁੱਗੀਆਂ ਝੌਂਪੜੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਕਈ ਥਾਵਾਂ 'ਤੇ ਟੈ੍ਰਫਿਕ ਸਮੱਸਿਆ ਵੀ ਸਾਹਮਣੇ ਆਉਣ ਲੱਗ ਪਈ ਹੈ ਕਿਉਂਕਿ ਕੁੱਝ ਸਾਲਾਂ ਤੋਂ ਸ਼ਹਿਰ 'ਚ ਸੜਕਾਂ ਦੀਆਂ ਸਾਈਡਾਂ 'ਤੇ ਝੁੱਗੀਆਂ ਝੌਂਪੜੀਆਂ ਬਣ ਰਹੀਆਂ ਹਨ ਪਰ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਕਦਮ ਨਹੀਂ ਉਠਾਏ ਗਏ ਹਨ ਕਿ ਸ਼ਹਿਰ ਵਿਚ ਕਿਸ ਤਰ੍ਹਾਂ ਨਾਲ ਲੋਕ ਸਰਕਾਰੀ ਥਾਵਾਂ 'ਤੇ ਝੁੱਗੀਆਂ ਝੌਂਪੜੀਆਂ ਬਣਾ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਹਨ | ਸ਼ਹਿਰ ਦੇ ਕਈ ਹਿੱਸਿਆਂ 'ਚ ਆਮ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਝੁੱਗੀਆਂ ਦੀ ਗਿਣਤੀ ਕਾਫੀ ਘੱਟ ਸੀ ਪਰ ਹੁਣ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਮਕਸੂਦਾਂ ਮੰਡੀ ਦੇ ਸਾਹਮਣੇ ਸੜਕ ਦੀ ਇਕ ਸਾਈਡ 'ਤੇ ਝੁੱਗੀਆਂ ਝੌਂਪੜੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਸੜਕ ਦੇ ਇਕ ਸਾਈਡ 'ਤੇ ਲਗਾਤਾਰ ਬਣ ਰਹੀਆਂ ਝੁੱਗੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਤੋਂ ਕਈ ਲੋਕ ਵੀ ਹੈਰਾਨ ਹਨ ਕਿ ਇਨ੍ਹਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ ਸਗੋਂ ਝੁੱਗੀਆਂ 'ਚ ਹੀ ਧਾਰਮਿਕ ਸਥਾਨ ਵੀ ਬਣਾ ਲਏ ਗਏ ਹਨ | ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਲਈ ਝੁੱਗੀਆਂ ਝੌਂਪੜੀਆਂ ਵੀ ਚਿੰਤਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ ਕਿਉਂਕਿ ਜੇਕਰ ਝੁੱਗੀਆਂ ਝੌਂਪੜੀਆਂ ਵਾਲੇ ਲੰਬੇ ਸਮੇਂ ਤੋਂ ਇਕ ਥਾਂ 'ਤੇ ਰਹਿੰਦੇ ਹਨ ਤਾਂ ਬਾਅਦ ਵਿਚ ਪ੍ਰਸ਼ਾਸਨ ਵਲੋਂ ਉਠਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਫਿਰ ਉਨ੍ਹਾਂ ਵਲੋਂ ਪ੍ਰਸ਼ਾਸਨ ਤੋਂ ਜ਼ਮੀਨ ਦੇਣ ਦੀ ਮੰਗ ਕੀਤੀ ਜਾਂਦੀ ਹੈ | ਉਂਜ ਜਿਸ ਜਗਾ 'ਤੇ ਝੁੱਗੀਆਂ ਝੌਂਪੜੀਆਂ ਬਣੀਆਂ ਹੋਈਆਂ ਹਨ, ਉੱਥੇ ਗੰਦਗੀ ਦੀ ਵੀ ਭਰਮਾਰ ਰਹਿੰਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਬਿਮਾਰੀਆਂ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਨਗਰ ਨਿਗਮ ਦੇ ਮੇਅਰ ਵਨੀਤ ਧੀਰ ਦੇ ਯਤਨਾਂ ਨਾਲ ਪੌਣੇ 5 ਕਰੋੜ ਦੀ ਲਾਗਤ ਨਾਲ ਪਟੇਲ ਚੌਕ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਗਰੀਨ ਬੈਲਟ ਬਣਾਉਣ ਦਾ ਪ੍ਰਾਜੈਕਟ ਪੰਜਾਬ ਸਰਕਾਰ ਨੇ ਪਾਸ ਕੀਤਾ ਹੈ ਤੇ ਜਦੋਂ ਸੜਕਾਂ ਦੇ ਦੋਵੇਂ ਪਾਸੇ ਗਰੀਨ ਬੈਲਟਾਂ ਬਣਾਉਣ ਲਈ ਪਾਰਕ ਬਣਾਏ ਜਾਣੇ ਹਨ ਤਾਂ ਇਨ੍ਹਾਂ ਝੁੱਗੀਆਂ ਝੌਂਪੜੀਆਂ ਨੂੰ ਹਟਾਉਣ ਵੇਲੇ ਵਿਵਾਦ ਵੀ ਖੜ੍ਹਾ ਹੋ ਸਕਦਾ ਹੈ | ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਸਰਗਰਮ ਹੋਣ ਦੀ ਲੋੜ ਹੈ | ਉਧਰ ਆਰ. ਟੀ. ਆਈ. ਐਕਟੀਵਿਸਟ ਹਰੀਸ਼ ਸ਼ਰਮਾ ਦਾ ਕਹਿਣਾ ਸੀ ਕਿ ਕੁੱਝ ਸਮੇਂ ਤੋਂ ਸ਼ਹਿਰ ਵਿਚ ਝੁੱਗੀਆਂ ਝੌਂਪੜੀਆਂ ਦੀ ਗਿਣਤੀ ਵਧੀ ਹੈ ਤੇ ਕਈਆਂ ਨੇ ਬਿਜਲੀ ਕੁੰਡੀਆਂ ਪਾਈਆਂ ਹੋਈਆਂ ਹਨ ਤਾਂ ਇਸ ਨਾਲ ਬਿਜਲੀ ਸਿਸਟਮ ਦਾ ਵੀ ਨੁਕਸਾਨ ਹੁੰਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤੇ ਇਸ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਕਿ ਸ਼ਹਿਰ 'ਚ ਇਨ੍ਹਾਂ ਦੀ ਗਿਣਤੀ 'ਚ ਵਾਧਾ ਕਿਉਂ ਹੋ ਰਿਹਾ ਹੈ |
ਪਿਛਲੀ ਖ਼ਬਰ ਬਰਸਾਤਾਂ ਕਰਕੇ ਜੈਤੇਵਾਲੀ ਪਲਾਂਟ ਤੋਂ ਬਾਅਦ ਦੂਜੇ ਪਲਾਂਟਾਂ ਦੀ ਜਾਂਚ ਹੋਈ ਜ਼ਰੂਰੀ ਅਗਲੀ ਖ਼ਬਰ ਬਸਤੀ ਦਾਨਿਸ਼ਮੰਦਾਂ ਵਿਚ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ 'ਚ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।