ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ)-ਗੜ੍ਹਾ ਦੇ ਖੇਤਰ 'ਚ ਸੋਮਵਾਰ ਦੀ ਰਾਤ ਪਾਣੀ ਵਾਲੀ ਟੈਂਕੀ ਦੇ ਨੇੜਿਉਂ ਭੇਦਭਰੀ ਹਾਲਤ 'ਚ ਇਕ ਰਾਜ ਮਿਸਤਰੀ ਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਰਣਜੀਤ ਸਿੰਘ (50) ਪੁੱਤਰ ਰਜਿੰਦਰ ਸਿੰਘ ਵਾਸੀ ਗੁਰਜੀਤ ਨਗਰ, ਜਲੰਧਰ ਵਜੋਂ ਦੱਸੀ ਗਈ ਹੈ | ਰਣਜੀਤ ਸਿੰਘ ਦੀ ਮਿ੍ਤਕ ਦੇਹ ਮਿਲਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਉਸ ਦੇ ਬਜ਼ੁਰਗ ਪਿਤਾ ਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਲੜਕਾ ਸ਼ਰਾਬ ਪੀਣ ਦਾ ਆਦੀ ਸੀ | ਦੋ ਦਿਨ ਪਹਿਲਾਂ ਜਦੋਂ ਉਹ ਸ਼ਰਾਬ ਦੇ ਨਸ਼ੇ 'ਚ ਘਰ ਆਇਆ ਤਾਂ ਉਸ ਦੀ ਪਤਨੀ ਨੇ ਰਣਜੀਤ ਸਿੰਘ ਨੂੰ ਸ਼ਰਾਬ ਪੀ ਕੇ ਘਰ ਨਾ ਆਉਣ ਦੀ ਚਿਤਾਵਨੀ ਦਿੱਤੀ, ਜਿਸ ਤੋਂ ਬਾਅਦ ਉਹ ਘਰ ਤੋਂ ਚਲਾ ਗਿਆ | ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਣਜੀਤ ਸਿੰਘ ਖਾਲੀ ਪਲਾਟ 'ਚ ਬੇਸੁੱਧ ਪਿਆ ਹੈ, ਜਦੋਂ ਉਨ੍ਹਾਂ ਮੌਕੇ 'ਤੇ ਆ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਪਾਰਟੀ ਨੇ ਮਿ੍ਤਕ ਦੇਹ ਨੂੰ ਕਬਜ਼ੇ 'ਚ ਲੈ ਲਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ |