ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ)-ਆਪਸੀ ਵਿਵਾਦ ਨੂੰ ਲੈ ਕੇ ਥਾਣਾ ਡਵੀਜ਼ਨ ਨੰਬਰ 7 'ਚ ਪਹੁੰਚੀਆਂ ਦੋ ਧਿਰਾਂ ਅਧਿਕਾਰੀਆਂ ਦੇ ਸਾਹਮਣੇ ਹੀ ਉਲਝ ਪਈਆਂ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਵਲੋਂ ਇਕ ਦੂਸਰੇ ਨੂੰ ਥੱਪੜ ਤੇ ਘਸੁੰਨ ਵੀ ਮਾਰੇ ਗਏ | ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨੇ ਆਪਣੇ ਰਿਸ਼ਤੇਦਾਰ ਦੇ ਖ਼ਿਲਾਫ਼ ਗੰਭੀਰ ਦੋਸ਼ਾਂ ਦੇ ਨਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਧਿਰ ਤੇ ਵਿਰੋਧੀ ਧਿਰ ਦਾ ਪੱਖ ਜਾਨਣ ਲਈ ਦੋਵਾਂ ਨੂੰ ਥਾਣੇ ਬੁਲਾਇਆ ਸੀ | ਇਸ ਦੌਰਾਨ ਪਹਿਲਾਂ ਤਾਂ ਦੋਵੇਂ ਧਿਰਾਂ ਨੇ ਅਧਿਕਾਰੀਆਂ ਦੇ ਸਾਹਮਣੇ ਹੀ ਇਕ ਦੂਸਰੇ 'ਤੇ ਗੰਭੀਰ ਦੋਸ਼ ਲਗਾ ਕੇ ਵਿਵਾਦ ਕੀਤਾ | ਹੌਲੀ-ਹੌਲੀ ਵਿਵਾਦ ਗਰਮ ਹੋ ਗਿਆ ਤੇ ਦੋਵਾਂ ਨੇ ਇਕ ਦੂਸਰੇ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ | ਅਧਿਕਾਰੀਆਂ ਨੇ ਦੋਵਾਂ ਦਾ ਝਗੜਾ ਸ਼ਾਂਤ ਕੀਤਾ ਤੇ ਦੋਵਾਂ ਧਿਰਾਂ ਖ਼ਿਲਾਫ਼ ਜਾਂਚ ਸ਼ੁਰੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ | ਅਧਿਕਾਰੀਆਂ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਵਾਂ ਧਿਰਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿਣ ਦੀ ਤਾੜਨਾ ਕੀਤੀ ਗਈ ਹੈ |