ਮਕਸੂਦਾਂ, 16 ਜੂਨ (ਸੌਰਵ ਮਹਿਤਾ)- ਇਲਾਕੇ 'ਚ ਮਾੜੇ ਅਨਸਰਾਂ 'ਤੇ ਨੱਥ ਪਾਉਣ ਲਈ ਥਾਣਾ ਡਿਵੀਜ਼ਨ ਨੰਬਰ 8 'ਚ ਆਏ ਇੰਸਪੈਕਟਰ ਯਾਦਵਿੰਦਰ ਸਿੰਘ ਵਲੋਂ ਪਠਾਨਕੋਟ ਚੌਕ 'ਚ ਸਪੈਸ਼ਲ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਸ਼ੱਕੀ ਵਾਹਨਾਂ ਨੂੰ ਕਬਜ਼ੇ 'ਚ ਲੈ ਬੰਦ ਕੀਤਾ ਗਿਆ ਤੇ ਕਈਆਂ ਦੇ ਚਲਾਨ ਵੀ ਕੀਤੇ ਗਏ | ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਲਾਕੇ 'ਚ ਕੋਈ ਨਸ਼ਾ ਤਸਕਰੀ ਕਰਦਾ ਹੈ ਤਾਂ ਉਹ ਤੁਰੰਤ ਬੰਦ ਕਰ ਦੇਵੇ, ਨਹੀਂ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |