ਜਲੰਧਰ, 19 ਜੂਨ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਲੋਕਾਂ ਨੂੰ ਲੂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ¢ ਡਾ. ਅਗਰਵਾਲ ਨੇ ਕਿਹਾ ਕਿ ਜੁਲਾਈ ਤੱਕ ਚੱਲਣ ਵਾਲੀਆਂ ਗਰਮ ਹਵਾਵਾਂ ਤੋਂ ਬਚਣ ਲਈ ਜਾਗਰੂਕਤਾ ਤੇ ਸਾਵਧਾਨੀ ਬਹੁਤ ਜ਼ਰੂਰੀ ਹੈ ¢ ਉਨ੍ਹਾਂ ਕਿਹਾ ਕਿ ਜ਼ਿਆਦਾ ਗਰਮੀ ਹੋਣ 'ਤੇ ਸਾਡਾ ਸਰੀਰ ਪਸੀਨੇ ਦੇ ਰੂਪ 'ਚ ਗਰਮੀ ਬਾਹਰ ਕੱਢਦਾ ਹੈ ਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ¢ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਸਰੀਰ ਦੇ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ ¢ ਜਿਸ ਨੂੰ ਲੂ ਲੱਗਣਾ ਕਹਿੰਦੇ ਜਾਂ ਫਿਰ ਹੀਟ ਸਟ੍ਰੋਕ ਕਹਿੰਦੇ ਹਨ ¢ ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਲੋਕ ਇਸ ਨੂੰ ਹਲਕੇ 'ਚ ਲੈਂਦੇ ਹਨ ਪਰ ਲੂ ਲੱਗਣਾ (ਹੀਟ ਸਟ੍ਰੋਕ) ਬਹੁਤ ਖ਼ਤਰਨਾਕ ਹੈ ¢ ਬੱਚਿਆਂ ਤੇ ਬਜ਼ੁਰਗਾਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ¢ ਇਸ ਤੋਂ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਤੇ ਬੇਘਰ ਹੋ ਕੇ ਸੜਕਾਂ ਆਦਿ 'ਤੇ ਰਹਿਣ ਵਾਲੇ ਲੋਕ ਇਸ ਦਾ ਜਲਦ ਸ਼ਿਕਾਰ ਹੋ ਜਾਂਦੇ ਹਨ ¢ ਉਨ੍ਹਾਂ ਕਿਹਾ ਕਿ ਲੂ ਲੱਗਣ ਨਾਲ ਸਰੀਰ ਨੂੰ ਬੇਚੈਨੀ ਤੇ ਘਬਰਾਹਟ ਹੋ ਸਕਦੀ ਹੈ ਤੇ ਜ਼ਿਆਦਾ ਸਮਾਂ ਧੁੱਪ 'ਚ ਰਹਿਣ ਨਾਲ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ 'ਚ ਮੁਸ਼ਕਲ ਆਉਣੀ, ਚਿੜਚਿੜਾਪਣ, ਜ਼ੁਬਾਨ ਦਾ ਲੜਖੜਾਉਣਾ, ਤੁਰਨ ਸਮੇਂ ਲੜਖੜਾਉਣਾ, ਦੌਰਾ ਪੈਣਾ ਆਦਿ ਹੋ ਸਕਦੇ ਹਨ ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ 'ਚ ਲੂ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਵੇਂ ਕਿ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੋਵੇ ਤਾਂ ਜ਼ਿਆਦਾ ਮਾਤਰਾ 'ਚ ਪਾਣੀ ਪੀਤਾ ਜਾਵੇ, ਸੂਤੀ, ਹਲਕੇ ਤੇ ਆਰਾਮਦਾਇਕ ਕੱਪੜੇ ਪਾ ਕੇ ਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ, ਤਰਲ ਪਦਾਰਥਾਂ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ, ਓ.ਆਰ.ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਤੇ ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਬਹੁਤ ਜ਼ਿਆਦਾ ਜ਼ਰੂਰੀ ਹੋਣ 'ਤੇ ਹੀ ਨਿਕਲਿਆ ਜਾਵੇ ¢ ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਸਾਵਧਾਨੀ ਵਰਤ ਕੇ ਜ਼ਿਲ੍ਹਾ ਵਾਸੀ ਲੂ ਤੋਂ ਆਪਣਾ ਬਚਾਅ ਕਰ ਸਕਦੇ ਹਨ ¢