ਜਲੰਧਰ, 19 ਜੂਨ (ਸ਼ਿਵ)-ਜਲੰਧਰ ਦੇ ਸਮਾਜ ਸੇਵੀ ਤੇ ਕਾਨੂੰਨੀ ਮਾਹਿਰ ਮਯਾਨ ਰਣੌਤ ਵਲੋਂ ਨਗਰ ਨਿਗਮ ਜਲੰਧਰ ਦੇ ਖ਼ਿਲਾਫ਼ ਪਟੀਸ਼ਨ ਸਥਾਈ ਲੋਕ ਅਦਾਲਤ 'ਚ ਦਾਖ਼ਲ ਕੀਤੀ ਗਈ ਸੀ | ਇਹ ਪਟੀਸ਼ਨ ਉਨ੍ਹਾਂ ਦੇ ਵਕੀਲਾਂ ਵਿਕਰਮ ਦੱਤਾ ਤੇ ਤਰਨੁਮ ਰਣੌਤ ਰਾਹੀਂ ਦਾਖਲ ਕੀਤੀ ਗਈ ਸੀ ਜਿਸ 'ਚ ਨਗਰ ਨਿਗਮ ਦਫ਼ਤਰ ਦੇ ਬਾਹਰ ਕੰਪਨੀ ਬਾਗ਼ 'ਚ ਸਾਲਾਂ ਤੋਂ ਖ਼ਰਾਬ ਪਈ ਟ੍ਰੈਫਿਕ ਲਾਈਟਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਸੀ | ਸੁਣਵਾਈ ਦੌਰਾਨ ਨਗਰ ਨਿਗਮ ਵਲੋਂ ਐੱਸ. ਡੀ. ਓ. ਸ਼ਰਮਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਟ੍ਰੈਫਿਕ ਲਾਈਟਾਂ ਠੀਕ ਕਰਵਾ ਦਿੱਤੀਆਂ ਗਈਆਂ ਹਨ ਤੇ ਹੁਣ ਇਹ ਲਾਈਟਾਂ ਚੱਲ ਰਹੀਆਂ ਹਨ | ਉਨ੍ਹਾਂ ਅਦਾਲਤ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਲੋਕ ਆਪਣੀਆਂ ਸ਼ਿਕਾਇਤਾਂ ਸਬੰਧਿਤ ਨੰਬਰਾਂ 'ਤੇ ਦਰਜ ਕਰਵਾ ਸਕਦੇ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ਿਕਾਇਤਾਂ ਸੱਤ ਦਿਨਾਂ ਵਿਚ ਨਿਪਟਾਈਆਂ ਜਾਣਗੀਆਂ | ਮਯਾਨ ਰਣੌਤ ਨੇ ਵੀ ਅਦਾਲਤ ਸਾਹਮਣੇ ਆਪਣੇ ਬਿਆਨ ਵਿਚ ਪੇਸ਼ ਹੋਏ ਨਿਗਮ ਅਫ਼ਸਰ ਦੇ ਬਿਆਨ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਹੱਲ ਹੋ ਚੁੱਕੀ ਹੈ | ਇਸ 'ਤੇ ਸਥਾਈ ਲੋਕ ਅਦਾਲਤ (ਪੀ. ਯੂ. ਐੱਸ.) ਨੇ ਇਹ ਆਦੇਸ਼ ਦਿੱਤਾ ਕਿ ਪਟੀਸ਼ਨਕਰਤਾ ਦੀ ਸ਼ਿਕਾਇਤ ਦਾ ਨਿਪਟਾਰਾ ਹੋ ਚੁੱਕਾ ਹੈ ਤੇ ਇਸ ਪਟੀਸ਼ਨ ਨੂੰ ਸੰਤੋਸ਼ਜਨਕ ਨਿਪਟਾਰੇ ਦੇ ਆਧਾਰ 'ਤੇ ਵਾਪਸ ਲਿਆ ਮੰਨਦੇ ਹੋਏ ਖ਼ਾਰਜ ਕੀਤਾ ਜਾਂਦਾ ਹੈ | ਇਹ ਆਦੇਸ਼ ਜਗਦੀਪ ਸਿੰਘ ਮਾਰੋਕ ਤੇ ਮੈਂਬਰ ਡੀ. ਕੇ. ਸ਼ਰਮਾ ਤੇ ਸੁਸ਼ਮਾ ਹੰਡੂ ਵਲੋਂ ਦਿੱਤਾ ਗਿਆ | ਜਾਗਦਾ ਪੰਜਾਬ ਮੋਰਚਾ ਦੇ ਬੈਨਰ ਹੇਠ ਮਯਾਨ ਰਣੌਤ ਵਲੋਂ ਸਾਬਤ ਕੀਤਾ ਗਿਆ ਕਿ ਨਾਗਰਿਕ ਅਧਿਕਾਰਾਂ ਨੂੰ ਲੈ ਕੇ ਜੇਕਰ ਸੰਵੇਦਨਸ਼ੀਲ ਅਤੇ ਜਾਗਰੂਕ ਹੋਣ ਤਾਂ ਪ੍ਰਸ਼ਾਸਨ ਨੰੂ ਵੀ ਜਵਾਬਦੇਹ ਬਣਾਇਆ ਜਾ ਸਕਦਾ ਹੈ |