ਜਲੰਧਰ, 20 ਜੂਨ (ਸ਼ਿਵ)- ਬੀ. ਐਂਡ. ਆਰ. ਐਡਹਾਕ ਕਮੇਟੀ ਦੀ ਪਹਿਲੀ ਮੀਟਿੰਗ 'ਚ ਸ਼ਹਿਰ ਦੀਆਂ ਕੁੱਝ ਘਟੀਆ ਸੜਕਾਂ ਦਾ ਮਾਮਲਾ ਉੱਠਿਆ ਹੈ | ਮੇਅਰ ਵਨੀਤ ਧੀਰ ਦੀ ਹਾਜ਼ਰੀ 'ਚ ਐਡਹਾਕ ਕਮੇਟੀ ਦੀ ਪਹਿਲੀ ਸੱਦੀ ਮੀਟਿੰਗ 'ਚ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਲਾਡਾ ਨੇ ਸਕਾਈਲਾਰਕ ਚੌਕ ਤੇ ਸ਼ਹਿਨਾਈ ਪੈਲੇਸ ਵਾਲੀ ਸੜਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਕਾਈਲਾਰਕ ਚੌਕ ਦੇ ਕੋਲ ਬਣੀ ਸੜਕ ਦਾ ਮੌਕਾ ਦੇਖਿਆ ਹੈ ਜਿੱਥੇ ਕਿ ਨਾ ਹੀ ਮੇਨਹੋਲ ਦੇ ਢੱਕਣਾਂ ਦਾ ਪਤਾ ਲੱਗਦਾ ਹੈ ਤੇ ਨਾ ਹੀ ਰੋਡ ਗਲੀਆਂ ਦਾ ਪਤਾ ਲੱਗਦਾ ਹੈ | ਉਨ੍ਹਾਂ ਅਫ਼ਸਰਾਂ ਨੂੰ ਇਸ ਬਾਰੇ ਧਿਆਨ ਰੱਖਣ ਬਾਰੇ ਕਿਹਾ ਕਿ ਸੜਕਾਂ ਦੇ ਨਿਰਮਾਣ ਮੌਕੇ ਮੇਨਹੋਲ ਤੇ ਰੋਡ ਗਲੀਆਂ ਦੇ ਬਣਨ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ | ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਸ਼ਹਿਨਾਈ ਪੈਲੇਸ ਕੋਲ ਬਣੀ ਸੜਕ ਦਾ ਮੁੱਦਾ ਉਠਾਇਆ ਕਿ ਚਾਹੇ ਉਨ੍ਹਾਂ ਦੇ ਦਖ਼ਲ ਨਾਲ ਉਹ ਸੜਕ ਠੀਕ ਕਰ ਦਿੱਤੀ ਗਈ ਹੈ ਪਰ ਪਹਿਲਾਂ ਤਾਂ ਉਸ ਦਾ ਲੈਵਲ ਹੀ ਠੀਕ ਨਹੀਂ ਸੀ ਜਿਸ ਕਰਕੇ ਸੜਕ 'ਤੇ ਪਾਣੀ ਖੜ੍ਹਾ ਹੋ ਗਿਆ | ਉਨ੍ਹਾਂ ਕਿਹਾ ਕਿ ਬੀ. ਐਂਡ. ਆਰ. ਦਾ ਵਿਭਾਗ ਕਾਫੀ ਅਹਿਮ ਹੈ ਤੇ ਅਫ਼ਸਰਾਂ ਨੂੰ ਇਸ ਬਾਰੇ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਕਮੇਟੀ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਸਹਿਣ ਨਹੀਂ ਕਰੇਗੀ | ਇਸ ਮੌਕੇ ਮੇਅਰ ਵਨੀਤ ਧੀਰ ਨੇ ਸਪੱਸ਼ਟ ਕਿਹਾ ਕਿ ਐਡਹਾਕ ਕਮੇਟੀ ਕੋਲ ਜੇਕਰ ਕਿਸੇ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਕੋਈ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਉਸ ਬਾਰੇ ਬੀ. ਐਂਡ. ਆਰ. ਦੇ ਅਫ਼ਸਰਾਂ ਦੇ ਧਿਆਨ 'ਚ ਜਾਣਕਾਰੀ ਲਿਆ ਕੇ ਠੇਕੇਦਾਰ ਖ਼ਿਲਾਫ਼ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਦੇ ਹੋਏ ਨੋਟਿਸ ਜਾਰੀ ਕਰਨਾ ਚਾਹੀਦਾ ਹੈ | ਇਸ ਮੌਕੇ ਐੱਸ. ਈ. ਇੰਜ. ਰਜਨੀਸ਼ ਡੋਗਰਾ, ਇੰਜ. ਰਾਹੁਲ ਧਵਨ ਤੇ ਮੈਂਬਰਾਂ ਵਿਚ ਕੌਂਸਲਰ ਰੌਬਿਨ ਲਵ, ਕੌਂਸਲਰ ਹਰਜਿੰਦਰ ਕੌਰ, ਨਿਰਮਲ ਕੌਰ ਤੇ ਹੋਰ ਹਾਜਰ ਸਨ |