ਜਲੰਧਰ, 20 ਜੂਨ (ਸ਼ਿਵ)- ਮੇਅਰ ਵਨੀਤ ਧੀਰ ਨੇ ਓ. ਐਂਡ. ਐਮ. ਬਰਾਂਚ ਤੋਂ ਇਲਾਵਾ ਹੋਰ ਵੀ ਕਈ ਵਿਭਾਗਾਂ ਦੇ ਕੰਮ ਨੂੰ ਪਾਸ ਕਰਨ ਲਈ 25 ਜੂਨ ਨੂੰ ਸਵੇਰੇ 11 ਵਜੇ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਸੱਦ ਲਈ ਹੈ | ਮੀਟਿੰਗ ਵਿਚ ਵਿਕਾਸ ਦੇ ਕੰਮਾਂ ਦੇ ਟੈਂਡਰਾਂ ਦੀ ਪ੍ਰਵਾਨਗੀ ਤੋਂ ਇਲਾਵਾ 20, 25, 30 ਹਾਰਸਪਾਵਰ ਪੰਪਾਂ ਦੀ ਅਲੱਗ-ਅਲੱਗ ਜ਼ੋਨਾਂ ਲਈ ਖ਼ਰੀਦ ਕਰਨ ਬਾਰੇ ਮਤੇ ਸ਼ਾਮਿਲ ਕੀਤੇ ਗਏ ਹਨ | ਜਾਣਕਾਰੀ ਮੁਤਾਬਕ ਪਹਿਲਾਂ ਲੱਗੀਆਂ ਕਈ ਮੋਟਰਾਂ ਨਾਲ ਪੂਰਾ ਪਾਣੀ ਨਹੀਂ ਨਿਕਲਦਾ ਹੈ ਜਿਸ ਕਰਕੇ ਹੁਣ ਵਧ ਸਮਰੱਥਾ ਵਾਲੀਆਂ ਮੋਟਰਾਂ ਦੀ ਖ਼ਰੀਦ ਕੀਤੀ ਜਾਵੇਗੀ | 55 ਮੀਟਰ ਹੈੱਡ ਦੀਆਂ ਮੋਟਰਾਂ ਦੀ ਥਾਂ 'ਤੇ 65 ਮੀਟਰ ਹੈੱਡ ਦੀਆਂ ਮੋਟਰਾਂ ਦੀ ਸਪਲਾਈ ਕਰਨ ਦੇ ਕੰਮ ਦੀ ਮਨਜੂਰੀ ਮੀਟਿੰਗ ਵਿਚ ਦਿੱਤੇ ਜਾਣ ਦੀ ਸੰਭਾਵਨਾ ਹੈ | ਇਹ ਤਖ਼ਮੀਨਾ 38.75 ਲੱਖ ਦਾ ਤਿਆਰ ਕੀਤਾ ਗਿਆ ਹੈ |