ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)-ਜਲੰਧਰ ਅੰਤਰਰਾਜੀ ਬੱਸ ਅੱਡਾ ਪੰਜਾਬ ਦੇ ਕੇਂਦਰ 'ਚ ਸਥਿਤ ਹੋਣ ਕਰਕੇ 24 ਘੰਟੇ ਇੱਥੇ ਵੱਡੀ ਗਿਣਤੀ 'ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਯਾਤਰੂਆਂ ਦਾ ਇੱਥੇ ਆਉਣ ਜਾਣ ਲੱਗਾ ਰਹਿੰਦਾ ਹੈ | ਪਰ ਜਲੰਧਰ ਦਾ ਬੱਸ ਅੱਡਾ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਤੋਂ ਹੀ ਸੱਖਣਾ ਹੈ | ਜਲੰਧਰ ਬੱਸ ਅੱਡੇ 'ਤੇ ਪੱਖੇ ਲੱਗੇ ਹੋਣ ਦੇ ਬਾਵਜੂਦ ਯਾਤਰੀ ਸਖ਼ਤ ਗਰਮੀ 'ਚ ਬੈਠਣ ਲਈ ਮਜਬੂਰ ਹੋ ਰਹੇ ਹਨ | ਰੋਜ਼ਾਨਾ ਬੱਸ ਰਾਹੀਂ ਸਫ਼ਰ ਕਰ ਰਹੇ ਯਾਤਰੀਆਂ ਨੇ ਦੱਸਿਆ ਕਿ ਰਾਤ ਸਮੇਂ ਸਖ਼ਤ ਗਰਮੀ ਤੇ ਹੰੁਮ੍ਹਸ 'ਚ ਯਾਤਰੀਆਂ ਨੂੰ ਪੱਖੇ ਬੰਦ ਹੋਣ 'ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਕੋਈ ਯਾਤਰੀ ਡਿਊਟੀ 'ਤੇ ਤਾਇਨਾਤ ਅਧਿਕਾਰੀ ਜਾਂ ਕਰਮਚਾਰੀ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਨ੍ਹਾਂ ਵਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਾਂਦਾ ਹੈ | ਯਾਤਰੂਆਂ ਨੇ ਰੋਡਵੇਜ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਰਾਤ ਸਮੇਂ ਬੱਸ ਅੱਡੇ 'ਤੇ ਪੱਖੇ ਚਲਾਏ ਜਾਣ ਤਾਂ ਜੋ ਆਪਣੀ ਮੰਜ਼ਿਲ 'ਤੇ ਪਹੰੁਚਣ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ |