ਜਲੰਧਰ, 20 ਸਤੰਬਰ (ਪਵਨ ਖਰਬੰਦਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀ ਆਰਵ ਕੌਲ ਜਮਾਤ ਪਹਿਲੀ ਅਤੇ ਵਿਰਾਟ ਕੌਲ ਜਮਾਤ ਪੰਜਵੀਂ ਦੇ ਪਿਤਾ ਸ਼ਿੰਦਰਪਾਲ ਜੋ ਕਿ ਪੇਸ਼ੇ ਵਜੋਂ ਕਾਰਪੈਂਟਰ ਹਨ ਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਹੁਸੈਨਪੁਰ ਤੋਂ ਇੱਕ ਸਾਧਾਰਨ ਜਿਹੇ ਪਰਿਵਾਰ ਤੋਂ ਹਨ ਦਾ ਅੱਜ ਸਕੂਲ ਦੇ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸ਼ਿੰਦਰਪਾਲ ਨੇ ਸੋਨੀ ਟੀਵੀ ਦੇ 'ਕੌਣ ਬਣੇਗਾ ਕਰੋੜਪਤੀ' ਪ੍ਰੋਗਰਾਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਲੱਖ ਰੁਪਇਆ ਜਿੱਤ ਕੇ ਜਿੱਥੇ ਆਪਣਾ ਤੇ ਪਰਿਵਾਰ ਦਾ ਸੁਪਨਾ ਸਾਕਾਰ ਕੀਤਾ ਹੈ | ਉੱਥੇ ਹੀ ਪਿੰਡ ਤੇ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕੀਤਾ | ਸਕੂਲ ਵਿੱਚ ਪਹੁੰਚਣ 'ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਨੇ ਸ਼ਿੰਦਰਪਾਲ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਡਾ.ਏ.ਪੀ.ਜੇ ਅਬਦੁਲ ਕਲਾਮ ਜੀ ਦੀਆਂ ਲਾਈਨਾਂ ਨੂੰ ਸੱਚ ਕਰ ਦਿਖਾਇਆ ਕਿ ਸਪਨੇ ਉਹ ਨਹੀਂ ਹੁੰਦੇ ਜੋ ਅਸੀਂ ਬੰਦ ਅੱਖਾਂ ਨਾਲ ਦੇਖਦੇ ਹਾਂ ਸਪਨੇ ਉਹ ਹੁੰਦੇ ਹਨ ਜੋ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਾਂ | ਉਨ੍ਹਾਂ ਦੀ ਇਸ ਸਫ਼ਲਤਾ ਨੇ ਨਾਂ ਸਿਰਫ ਪਰਿਵਾਰ ਬਲਕਿ ਸਾਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਤੇ ਮੈਨੇਜਿੰਗ ਡਾਇਰੈਕਟਰ ਮਿਸਟਰ ਜੈਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਗਿਆ ਕਿ ਸ਼ਿੰਦਰਪਾਲ ਸਿੰਘ ਦੀ ਮਿਹਨਤ, ਗਿਆਨ ਪ੍ਰਤੀ ਜੁੜਾਵ ਅਤੇ ਹੌਸਲੇ ਨੇ ਸਾਬਤ ਕੀਤਾ ਹੈ ਕਿ ਸੱਚੀ ਲਗਨ ਨਾਲ ਹਰ ਸੁਪਨਾ ਪੂਰਾ ਹੋ ਸਕਦਾ ਹੈ | ਇਸ ਮੌਕੇ ਸ਼ਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੀਵਨ ਵਿੱਚ ਵੱਡੇ ਸੁਪਨੇ ਦੇਖੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਕਠੋਰ ਮਿਹਨਤ ਕਰੋ |