ਡਾ. ਗੁਰਪ੍ਰੀਤ ਸਿੰਘ ਨੇ ਗੱਟਾ ਮੁੰਡੀ ਕਾਸੂ 'ਚ ਲਗਾਇਆ ਮੈਡੀਕਲ ਜਾਂਚ ਕੈਂਪ
ਅਜੀਤ ਡੈਸਕ
21-09-2025
ਸ਼ਾਹਕੋਟ, 20 ਸਤੰਬਰ (ਦਲਜੀਤ ਸਿੰਘ ਸਚਦੇਵਾ)-ਪੰਜਾਬ ਸਰਕਾਰ ਵਲੋਂ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰੀ ਡਾਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜਿਸ ਤਹਿਤ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਰੂਰਲ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਸਿੰਘ ਪਿ੍ੰਸ ਦੀ ਡਿਊਟੀ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਲਗਾਈ ਗਈ ਹੈ | ਇਸ ਮੌਕੇ ਡਾ: ਗੁਰਪ੍ਰੀਤ ਸਿੰਘ ਪਿ੍ੰਸ ਵਲੋਂ ਗੱਟਾ ਮੁੰਡੀ ਕਾਸੂ ਵਿਖੇ ਬੰਨ੍ਹ 'ਤੇ ਬੈਠੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ | ਉਨ੍ਹਾਂ ਨਾਲ ਫ਼ਾਰਮੇਸੀ ਅਫ਼ਸਰ ਪੰਕਜ ਅਰੋੜਾ ਵੀ ਮੌਜੂਦ ਸਨ | ਡਾ: ਗੁਰਪ੍ਰੀਤ ਸਿੰਘ ਪਿ੍ੰਸ ਨੇ ਕਿਹਾ ਕਿ ਸਿਵਲ ਸਰਜਨ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ |
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਹੀ ਘੱਟ ਗਿਆ ਹੈ ਤੇ ਹੁਣ ਬਿਮਾਰੀਆਂ ਫੈਲਣ ਦਾ ਡਰ ਹੈ | ਇਥੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਮਲੇਰੀਆਂ ਫੈਲਣ ਦਾ ਬਹੁਤ ਹੀ ਜ਼ਿਆਦਾ ਡਰ ਹੈ | ਇਸ ਮੌਕੇ ਡਾ: ਡਾ: ਗੁਰਪ੍ਰੀਤ ਸਿੰਘ ਵਲੋਂ ਮੱਛਰਾਂ ਤੋਂ ਬਚਾਅ ਸੰਬੰਧੀ ਆਪਣੀ ਨੇਕ ਕਮਾਈ 'ਚੋਂ ਲੋਕਾਂ ਨੂੰ ਓਡੋਮੋਸ ਦੀਆਂ ਟਿਊਬਾਂ ਤੇ ਡੈਟੋਲ ਸਾਬਣ ਦਿੱਤਾ ਗਿਆ | ਉਨ੍ਹਾਂ ਮੱਛਰਾਂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਹਦਾਇਤ ਕੀਤੀ |