ਇੰਪਲਾਈਜ਼ ਕਾਲੋਨੀ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਦੀ ਮੀਟਿੰਗ
ਅਜੀਤ ਡੈਸਕ
21-09-2025
ਸ਼ਾਹਕੋਟ, 20 ਸਤੰਬਰ (ਸੁਖਦੀਪ ਸਿੰਘ)-ਇੰਪਲਾਈਜ਼ ਕਲੌਨੀ ਵੈਲਫੇਅਰ ਸੁਸਾਇਟੀ, ਸ਼ਾਹਕੋਟ ਦੀ ਮੀਟਿੰਗ ਐਡਵੋਕੇਟ ਕਮਲਜੀਤ ਸਿੰਘ ਸੁਖੀਜਾ, ਡਾ. ਦੀਪਕ ਸ਼ਰਮਾ ਅਤੇ ਰਾਜੀਵ ਜੈਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿੱਛਲੇ ਲੰਮੇ ਸਮੇਂ ਤੋਂ ਇੰਪਲਾਈਜ਼ ਕਲੋਨੀ 'ਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਾਰਨ ਗੰਦਗੀ ਫੈਲ ਰਹੀ ਹੈ ਅਤੇ ਕਾਲੋਨੀ ਦੀ ਮੁੱਖ ਸੜਕ ਨਾਲ ਖ਼ਾਲੀ ਪਲਾਟ ਕੂੜੇ ਦੇ ਡੰਪ ਬਣ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੋਂ ਲੋਕ, ਦੁਕਾਨਦਾਰ ਅਤੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਵੱਲੋਂ ਆਬਾਦੀ ਵਾਲੇ ਇਲਾਕੇ 'ਚ ਮੁੱਖ ਸੜਕ 'ਤੇ ਕੂੜੇ ਦਾ ਢੇਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕਲੋਨੀ ਵਾਸੀਆਂ 'ਚ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਕਲੌਨੀ ਦੇ ਮਸਲਿਆਂ ਸੰਬੰਧੀ ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਕ ਅਫ਼ਸਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ | ਉਨ੍ਹਾਂ ਫ਼ੈਸਲਾ ਕੀਤਾ ਕਿ ਇੰਪਲਾਈਜ਼ ਕਲੌਨੀ 'ਚ ਸਾਫ਼-ਸਫ਼ਾਈ ਨੂੰ ਵਧੇਰੇ ਤਰਜੀਹ ਦਿੱਤੀ ਜਾਵੇਗੀ ਅਤੇ ਸੁਸਾਇਟੀ ਵੱਲੋਂ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ | ਕੂੜੇ ਦਾ ਡੰਪ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜੇਕਰ ਕਲੌਨੀ 'ਚ ਕੋਈ ਵੀ ਕੂੜਾ ਸੁੱਟੇਗਾ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਜੋ ਸ਼ਰਾਰਤੀ ਅਨਸਰ ਕਲੌਨੀ 'ਚ ਕੂੜਾ ਸੁੱਟਦੇ ਹਨ, ਉਨ੍ਹਾਂ 'ਤੇ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾ ਰਹੇ ਹਨ | ਇਸ ਮੌਕੇ ਤਰਨਦੀਪ ਸਿੰਘ ਰੂਬੀ ਫਾਰਮੇਸੀ ਅਫ਼ਸਰ, ਅਜ਼ਾਦ ਸਿੰਘ ਸਚਦੇਵਾ, ਸੂਰਜ ਜੈਸਵਾਲ, ਹਰਮਨਦੀਪ ਸਿੰਘ, ਅਮਿਤ ਸੇਠੀ, ਗੋਪਾਲ ਬਾਂਸਲ, ਰਕੇਸ਼ ਚਟਕਾਰਾ, ਪੰਕਜ ਚੋਪੜਾ ਰੂਬੀ, ਰਵਿੰਦਰ ਨਾਥ ਗੁਪਤਾ ਆਦਿ ਹਾਜ਼ਰ ਸਨ |