ਜੰਡਿਆਲਾ ਮੰਜਕੀ, 20 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਦੇ ਇਕ ਨਿੱਜੀ ਸਕੂਲ ਅਤੇ ਮਾਪਿਆਂ ਵਿਚਾਲੇ ਸਕੂਲ ਫੀਸ ਦਾ ਮਾਮਲਾ ਨਾਂ ਸੁਲਝਣ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਮਨਮਾਨੀਆਂ ਕੀਤੇ ਜਾਣ ਦੇ ਰੋਸ ਵਜੋਂ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਅੱਗੇ ਧਰਨਾ ਮਾਰਿਆ ਗਿਆ | ਅੱਜ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਦੇ ਮਾਪਿਆਂ ਵਲੋਂ ਲਗਾਤਾਰ ਤਿੰਨ ਘੰਟੇ ਪਿ੍ੰਸੀਪਲ, ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਬੱਚਿਆਂ ਦੇ ਮਾਪਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ ਪ੍ਰਬੰਧਕ ਫ਼ੀਸ ਉੱਪਰ ਜੁਰਮਾਨਾ ਤੇ ਜੁਰਮਾਨਾ ਪਾ ਰਹੇ ਹਨ ਅਤੇ ਹੋਰ ਵੀ ਬਹੁਤ ਸਾਰੇ ਵਾਧੂ ਖ਼ਰਚੇ ਪਾਏ ਜਾ ਰਹੇ ਹਨ | ਆਪ ਆਗੂ ਰਾਜਾ ਮਿਸਰ ਕੌਂਸਲਰ ਨੂਰਮਹਿਲ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਸੂਲਣ ਤੇ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਕ ਈ-ਮੇਲ ਲਾਂਚ ਕੀਤੀ ਗਈ ਹੈ | ਇਸ ਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਸਕੂਲ ਮੈਨੇਜਮੈਂਟ ਖਿਲਾਫ ਮਨਮਾਨੀ ਫੀਸ ਵਸੂਲੀ ਤੇ ਸ਼ਿਕਾਇਤ ਦਰਜ ਕਰਾ ਸਕਣਗੇ ਤੇ ਇਨ੍ਹਾਂ ਤੇ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਨੂਰਮਹਿਲ ਥਾਣਾ ਮੁਖੀ ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ | ਸਕੂਲ ਪਿ੍ੰਸੀਪਲ ਨਿੱਤੂ ਢੱਡ ਨੇ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਦਰਖ਼ਾਸਤ ਉੱਪਰ ਸਕੂਲ ਪ੍ਰਬੰਧਕ ਕਮੇਟੀ ਨਾਲ ਗੱਲ ਕਰਕੇ ਅੱਠ ਦਿਨ ਤੱਕ ਮਾਪਿਆਂ ਨੂੰ ਜਾਣੂੰ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸੁਰਜੀਤ ਸਿੰਘ ਖਾਲਸਾ, ਬਲਵੀਰ ਸਿੰਘ ਖਾਲਸਾ, ਸੁਰਜੀਤ ਸਿੰਘ, ਊਸ਼ਾ ਰਾਣੀ, ਗੁਰਦਾਵਰ ਸਿੰਘ ਖਾਲਸਾ, ਸਰਬਜੀਤ ਸਿੰਘ ਭੰਡਾਲ ਹਿੰਮਤ, ਕਮਲਜੀਤ ਸਿੰਘ ਸਰੀਂਹ, ਰਘਬੀਰ ਸਿੰਘ ਜੰਡਿਆਲਾ, ਅਰਮਿੰਦਰ ਸਿੰਘ ਭੰਡਾਲ ਹਿੰਮਤ ਰਾਜਿੰਦਰ ਕੁਮਾਰ ਬਾਠ ਕਲਾਂ, ਪਰਮਜੀਤ ਸਿੰਘ ਚੂਹੇਕੀ ਅਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਤੋਂ ਬੱਚਿਆਂ ਦੇ ਮਾਪੇ ਪਹੁੰਚੇ |