27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਚੋਹਕਾਂ ਵਿਖੇ ਸਾਂਝੀ ਥਾਂ ਨੂੰ ਲੈ ਕੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ, ਬਣਿਆ ਦਹਿਸ਼ਤ ਵਾਲਾ ਮਾਹੌਲ <br/>

ਅਜੀਤ ਡੈਸਕ 16-10-2025
ਚੁਗਿੱਟੀ/ਜੰਡੂਸਿੰਘਾ, 15 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਪਿੰਡ ਚੋਹਕਾਂ ਵਿਖੇ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅ ਭਰਪੂਰ ਬਣ ਗਿਆ, ਜਦੋਂ ਇਕ ਸਾਂਝੀ ਥਾਂ ਨੂੰ ਲੈ ਕੇ ਐਸ.ਸੀ. ਭਾਈਚਾਰੇ ਦੇ ਲੋਕਾਂ ਤੇ ਨਿਹੰਗ ਸਿੰਘਾਂ 'ਚ ਤਕਰਾਰਬਾਜ਼ੀ ਹੋ ਗਈ | ਇਸ ਗੱਲ ਦੀ ਇਤਲਾਹ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਭਾਰੀ ਪੁਲਿਸ ਫੋਰਸ ਲੈ ਕੇ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਵਲੋਂ ਦੋਹਾਂ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਮਾਹੌਲ ਨੂੰ ਵਿਗੜਨ ਤੋਂ ਬਚਾਅ ਲਿਆ ਗਿਆ | ਪਿੰਡ 'ਚ ਵੱਡੀ ਗਿਣਤੀ 'ਚ ਦੇਖਦੇ ਹੀ ਦੇਖਦੇ ਪਹੁੰਚੇ ਪੁਲਿਸ ਕਰਮਚਾਰੀਆਂ ਕਾਰਨ ਪਿੰਡ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਡੀ.ਸੀ.ਪੀ. ਨਰੇਸ਼ ਡੋਗਰਾ, ਏ.ਡੀ.ਸੀ.ਪੀ.-9 ਆਕਰਸ਼ੀ ਜੈਨ ਤੇ ਏ.ਸੀ.ਪੀ. ਸੈਂਟਰਲ ਅਮਨਦੀਪ ਸਿੰਘ ਤੇ ਥਾਣਾ ਰਾਮਾਮੰਡੀ ਦੇ ਇੰਚਾਰਜ ਮਨਜਿੰਦਰ ਸਿੰਘ ਵਲੋਂ ਸਥਾਨਕ ਨਿਵਾਸੀਆਂ ਦੀ ਗੱਲ ਸੁਣਦੇ ਹੋਏ ਬਣਦੀ ਕਾਰਵਾਈ ਨਾਲ ਇਨਸਾਫ਼ ਦੁਆਉਣ ਦਾ ਭਰੋਸਾ ਦੁਆਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਤੇ ਗੁਰਦੁਆਰਾ ਸਿੰਘ ਸਭਾ ਚੋਹਕਾਂ ਦੇ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਜਿਸ ਥਾਂ ਨੂੰ ਲੈ ਕੇ ਐਸ.ਸੀ. ਭਾਈਚਾਰੇ ਵਲੋਂ ਰੋਲਾ ਪਾਇਆ ਗਿਆ ਹੈ, ਉਸਦਾ ਨਿਰਮਾਣ ਸਿੱਖ ਭਾਈਚਾਰੇ ਵਲੋਂ ਆਪਣੀ ਮਿਹਨਤ ਦੀ ਕਮਾਈ ਤੇ ਐਨ.ਆਰ.ਆਈ. ਭਰਾਵਾਂ ਵਲੋਂ ਕੀਤੀ ਗਈ ਆਰਥਿਕ ਸਹਾਇਤਾ ਨਾਲ ਕਰਵਾਇਆ ਗਿਆ ਹੈ | ਪਰ ਐਸ.ਸੀ. ਭਾਈਚਾਰੇ ਦੇ ਲੋਕਾਂ ਵਲੋਂ ਮਨਮਰਜ਼ੀ ਨਾਲ ਉਥੇ ਤਾਲਾ ਲਗਾ ਦਿੱਤਾ ਗਿਆ | ਜਦੋਂਕਿ ਸੰਗਤਾਂ ਵਲੋਂ ਉਥੇ ਲੰਗਰ ਲਗਾਇਆ ਜਾਣਾ ਸੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਪੁਲਿਸ ਦੇ ਧਿਆਨ 'ਚ ਵੀ ਲਿਆਂਦਾ ਗਿਆ ਸੀ | ਉਨ੍ਹਾਂ ਆਖਿਆ ਕਿ ਉਹ ਪਿਛਲੇ ਕਰੀਬ 2 ਮਹੀਨਿਆਂ ਤੋਂ ਪੁਲਿਸ ਤੋਂ ਇਸ ਮਾਮਲੇ ਪ੍ਰਤੀ ਗੰਭੀਰਤਾ ਵਰਤਣ ਦੀ ਅਪੀਲ ਕਰਦੇ ਆ ਰਹੇ ਸਨ, ਪਰ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਇਸ ਤੋਂ ਤੰਗ ਆ ਕੇ ਹੀ ਉਨ੍ਹਾਂ ਵਲੋਂ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਹੈ ਜਿਸ ਦਾ ਕਿ ਐਸ.ਸੀ. ਭਾਈਚਾਰੇ ਦੇ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਜੋ ਕਿ ਬੜੀ ਮਾੜੀ ਗੱਲ ਹੈ | ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਪਿੰਡ 'ਚ ਮਾਹੌਲ ਖਰਾਬ ਕਰਨ ਲਈ ਨਹੀਂ ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਮਨ ਮੁਟਾਅ ਖ਼ਤਮ ਕਰਨ ਲਈ ਆਏ | ਉਨ੍ਹਾਂ ਕਿਹਾ ਕਿ ਉਕਤ ਥਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਚੱਲ ਰਹੇ ਹਨ ਜਿਸ ਪ੍ਰਤੀ ਪੂਰੀ ਤਰ੍ਹਾਂ ਗੁਰਮਰਿਆਦਾ ਨੂੰ ਧਿਆਨ 'ਚ ਰੱਖਦੇ ਹੋਏ ਸੰਗਤਾਂ ਵਲੋਂ ਸੇਵਾ ਕੀਤੀ ਜਾ ਰਹੀ ਹੈ | ਉਧਰ ਇਸ ਸੰਬੰਧੀ ਸੰਪਰਕ ਕਰਨ 'ਤੇ ਉੱਘੇ ਸਮਾਜ ਸੇਵਕ ਤੇ ਐਸ.ਸੀ. ਭਾਈਚਾਰੇ ਦੇ
ਆਗੂ ਰਮੇਸ਼ ਚੋਹਕਾਂ ਨੇ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਪਿੰਡ 'ਚ ਇਹ ਜੋ ਹੋਇਆ, ਚੰਗਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਗੁਰੂ ਦੀਆਂ ਸੰਗਤਾਂ ਵਲੋਂ ਇਹ ਕੰਮ ਕਰਨ ਤੋਂ ਪਹਿਲਾਂ ਪਿੰਡ ਦੇ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ 'ਚ ਲੈਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਅੱਜ ਦਿਨ ਦੇ ਚੜ੍ਹਾਅ ਜਿਸ ਸਾਂਝੀ ਥਾਂ 'ਤੇ ਨਿਸ਼ਾਨ ਸਾਹਿਬ ਸਜਾਇਆ ਗਿਆ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਗਈ ਹੈ ਉਥੇ ਠੀਕ ਤਰ੍ਹਾਂ ਨਾਲ ਸਫ਼ਾਈ ਨਹੀਂ ਸੀ ਕੀਤੀ ਗਈ ਜਿਸ ਕਰਕੇ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ | ਉਨ੍ਹਾਂ ਕਿਹਾ ਕਿ ਪਿੰਡ ਵਸਨੀਕਾਂ ਦੀ ਉਕਤ ਸਾਂਝੀ ਥਾਂ ਹੈ, ਜਿਸ ਦੀ ਵਰਤੋਂ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਥੇ ਜੋ ਪ੍ਰੋਗਰਾਮ ਹੁੰਦੇ ਰਹੇ ਹਨ, ਉਸ ਦੌਰਾਨ ਸਭ ਲੋਕ ਬਿਨਾਂ ਕਿਸੇ ਭੇਦਭਾਵ ਦੇ ਜੁੜਦੇ ਰਹੇ ਹਨ | ਇਸ ਕਰਕੇ ਅਗਾਂਹ ਤੋਂ ਵੀ ਏਕਤਾ ਕਾਇਮ ਰਹਿਣੀ ਚਾਹੀਦੀ ਹੈ, ਉਧਰ ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਇਸ ਮਸਲੇ ਦਾ ਹੱਲ ਕੀਤੇ ਜਾਣ ਦਾ ਭਰੋਸਾ ਦੋਹਾਂ ਧਿਰਾਂ ਨੂੰ ਦਿੱਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਥਾਣਾ ਰਾਮਾਮੰਡੀ ਦੀ ਪੁਲਿਸ ਤੋਂ ਇਲਾਵਾ ਸ਼ਹਿਰ ਦੇ ਕੁਝ ਹੋਰ ਥਾਣਿਆਂ ਤੋਂ ਵੀ ਪੁਲਿਸ ਆਈ ਹੋਈ ਸੀ |

ਪਿਛਲੀ ਖ਼ਬਰ ਮੱਥਾ ਟੇਕਣ ਆਏ ਵਿਅਕਤੀ ਦਾ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਸੰਤੋਸ਼ੀ ਨਗਰ ਵਿਚ ਸੀਵਰੇਜ ਸਮੱਸਿਆ ਹੱਲ ਨਾ ਹੋਣ 'ਤੇ ਨਿਗਮ ਦਫ਼ਤਰ 'ਚ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।