ਜਲੰਧਰ, 16 ਅਕਤੂਬਰ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੇ ਰੈੱਡ ਰਿਬਨ ਕਲੱਬ ਵੱਲੋਂ ਗੋਦ ਲਈ ਗਏ ਪਿੰਡ ਲੰਬੜਾ ਵਿੱਚ 'ਨਸ਼ਾ ਤੇ ਇਸ ਦੇ ਰੋਕਥਾਮ ਦੇ ਉਪਾਅ' ਵਿਸ਼ੇ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ੇ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਮਨ ਵਿਚ ਇਲਾਜ ਲਈ ਹੈਲਥ ਕਲੀਨਿਕਾਂ 'ਚ ਜਾਣ ਤੋਂ ਡਰ ਦੂਰ ਕਰਨਾ ਸੀ | ਕਲੱਬ ਦੇ ਐਂਬੈਸਡਰਾਂ ਨੇ ਪਿੰਡ ਵਾਸੀਆਂ ਨੂੰ ਨਸ਼ੇ ਦੀ ਲਤ ਅਤੇ ਇਸ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ | ਸਾਰੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੇ ਲਾਲ ਰਿਬਨ ਪਹਿਨੇ ਹੋਏ ਸੂਚਕ ਪੋਸਟਰ ਅਤੇ ਚਾਰਟ ਤਿਆਰ ਕੀਤੇ, ਜਿਨ੍ਹਾਂ 'ਤੇ ਹੈਲਪਲਾਈਨ ਨੰਬਰ ਦਰਸਾਏ ਗਏ ਸਨ ਤਾਂ ਜੋ ਲੋਕ ਨਸ਼ੇ ਦੇ ਇਲਾਜ ਲਈ ਮਦਦ ਲੈ ਸਕਣ | ਆਰ.ਆਰ.ਸੀ. ਵਲੰਟੀਅਰ ਸ੍ਰੀਮਤੀ ਕੰਡਲਾ ਨੇ ਲੈਕਚਰ ਦੀ ਸ਼ੁਰੂਆਤ ਕਰਦਿਆਂ ਸਮਝਾਇਆ ਕਿ ਨਸ਼ੇ ਦੀ ਲਤ ਅਕਸਰ ਦੋਸਤਾਂ ਦੇ ਦਬਾਅ ਜਾਂ ਜਿਗਿਆਸਾ ਕਰਕੇ ਸ਼ੁਰੂ ਹੁੰਦੀ ਹੈ, ਪਰ ਬਾਅਦ ਵਿਚ ਇਹ ਇੱਕ ਖਤਰਨਾਕ ਆਦਤ ਬਣ ਜਾਂਦੀ ਹੈ | ਉਸਨੇ ਨਸ਼ੇ ਦੇ ਸਰੀਰਕ ਪ੍ਰਭਾਵਾਂ ਜਿਵੇਂ ਕਿ ਜਿਗਰ, ਫੇਫੜਿਆਂ ਅਤੇ ਦਿਮਾਗ 'ਤੇ ਨੁਕਸਾਨ ਅਤੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ |