ਫਿਲੌਰ, 17 ਅਕਤੂਬਰ (ਸਤਿੰਦਰ ਸ਼ਰਮਾ)-ਜੰਗਲਾਤ ਤੇ ਵਣ ਕਾਮਿਆਂ ਦੀ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਅਮਨਦੀਪ ਸਿੰਘ ਛੱਤਬੀੜ, ਵਿਰਸਾ ਸਿੰਘ ਚਹਿਲ, ਰਣਜੀਤ ਸਿੰਘ ਅਤੇ ਸਤਿਨਾਮ ਸੰਗਰੂਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25 ਸਾਲਾਂ ਤੋਂ ਕੰਮ ਕਰਦੇ ਆ ਰਹੇ ਡੇਲੀ ਵੇਜਿਜ਼ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਵੀ ਨਹੀ ਕੀਤਾ ਅਤੇ ਜੋ ਪੰਜਾਬ ਸਰਕਾਰ ਨੇ ਡੇਲੀਵੇਜ ਕਾਮਿਆ ਨੂੰ 30 ਜੁਲਾਈ 2025 ਨੂੰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇ ਕੇ ਪੱਕਾ ਕੀਤਾ ਗਿਆ ਸੀ ਪ੍ਰੰਤੂ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਹੋਇਆਂ ਨੂੰ ਤਕਰੀਬਨ ਤਿੰਨ ਮਹੀਨੇ ਹੋ ਗਏ ਹਨ ਪਰ ਇਨ੍ਹਾਂ ਨੂੰ ਹੁਣ ਤੱਕ ਇਕ ਵੀ ਤਨਖ਼ਾਹ ਨਹੀਂ ਪ੍ਰਾਪਤ ਹੋਈ | ਇਹ ਮੁਲਾਜ਼ਮ ਨਾ ਹੁਣ ਕੱਚਿਆਂ 'ਚ ਆ ਰਹੇ ਹਨ ਅਤੇ ਨਾ ਹੀ ਪੱਕਿਆਂ 'ਚ | ਇਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਸਮੂਹ ਵਣ ਮੰਡਲ ਅਫਸਰਾਂ ਰਾਹੀਂ ਮਾਣਯੋਗ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਭੇਜੇ ਜਾਣਗੇ ਅਤੇ ਫੈਡਰੇਸ਼ਨ ਨਾਲ ਸਾਂਝਾ ਰੋਸ ਪ੍ਰਗਟ ਕਰਕੇ ਡਿਪਟੀ ਕਮਿਸਨਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ | ਜੇ ਫਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਜੰਗਲਾਤ ਮੰਤਰੀ ਦੇ ਹਲਕਾ ਭੋਆ 'ਚ 1 ਨਵੰਬਰ ਨੂੰ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜਿਹੜੇ ਅਨਪੜ੍ਹ ਕਾਮੇ ਪੱਕੇ ਹੋਣ ਤੋਂ ਰਹਿ ਗਏ ਹਨ, ਉਹ ਸਾਰੇ ਕਾਮੇ ਇਸ ਵਾਰ ਕਾਲੀ ਦਿਵਾਲੀ ਮਨਾਉਣਗੇ | ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਸੁਲੱਖਣ ਮਹੋਲੀ, ਸੁਖਦੇਵ ਜਲੰਧਰ ਰਵੀਕਾਂਤ ਰੋਪੜ, ਪਵਨ ਹੁਸ਼ਿਆਰਪੁਰ ਅਤੇ ਬੱਬੂ ਮਾਨਸਾ ਨੇ ਵੀ ਸੰਬੋਧਨ ਕੀਤਾ |