19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜਲੰਧਰ ਛਾਉਣੀ ਬਾਈਪਾਸ ਰੋਡ 'ਤੇ ਹੋ ਰਹੀਆਂ ਗੈਰ- ਕਾਨੂੰਨੀ ਉਸਾਰੀਆਂ ਸੰਬੰਧੀ ਨਿਗਮ ਪ੍ਰਸ਼ਾਸਨ ਨੇ ਸਾਧੀ ਚੁੱਪ

ਅਜੀਤ ਡੈਸਕ 23-10-2025
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੀਆਂ ਸਿੰਚਾਈ ਸੰਬੰਧੀ ਲੋੜਾਂ ਨੂੰ ਪੂਰੀਆਂ ਕਰਦੀ ਨਹਿਰ ਨੂੰ ਪੂਰ ਕੇ ਬਣਾਏ ਗਏ ਜਲੰਧਰ ਛਾਉਣੀ ਬਾਈਪਾਸ (ਮੈਕਡੋਨਲ ਰੋਡ) ਉੱਪਰ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਸੰਬੰਧੀ ਨਗਰ ਨਿਗਮ ਪ੍ਰਸ਼ਾਸ਼ਨ ਨੇ ਭੇਦ ਭਰੀ ਚੁੱਪੀ ਸਾਧੀ ਹੋਈ ਹੈ, ਜਿਸ ਨੂੰ ਲੈ ਕੇ ਇਲਾਕੇ 'ਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ | ਇਸ ਸਮੇਂ 66 ਫੁੱਟੀ ਰੋਡ ਤੋਂ ਬਾਅਦ ਜੇਕਰ ਵਪਾਰਕ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਜਲੰਧਰ ਛਾਉਣੀ ਬਾਈਪਾਸ ਦਾ ਨਾਂ ਆਉਂਦਾ ਹੈ ਪਰ ਇਸ ਰੋਡ ਉੱਪਰ ਹੋ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਨਾਲ ਨਾ ਕੇਵਲ ਸਰਕਾਰ ਨੂੰ ਵੱਡੀ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਹੈ, ਬਲਕਿ ਇਹ ਬੇਤਰਤੀਬਾ ਵਿਕਾਸ ਆਵਾਜਾਈ 'ਚ ਵੀ ਵੱਡੀ ਰੁਕਾਵਟ ਬਣਦਾ ਜਾ ਰਿਹਾ ਹੈ | ਇਹ ਬਾਈਪਾਸ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਸੰਬੰਧੀ ਵੱਡੀ ਸਹੂਲਤ ਮਿਲੀ ਸੀ ਪਰ ਹੁਣ ਇਹ ਸਹੂਲਤ ਉਨ੍ਹਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ | ਇਸ ਰੋਡ 'ਤੇ ਜਿੱਥੇ ਇਕ ਪਾਸੇ ਟਰੈਫਿਕ ਕਾਫੀ ਵਧ ਗਿਆ ਹੈ, ਉੱਥੇ ਗੈਰ ਕਾਨੂੰਨੀ ਉਸਾਰੀਆਂ ਨਾਲ ਇਹ ਬਾਈਪਾਸ ਦਿਨੋ ਦਿਨ ਛੋਟਾ ਹੁੰਦਾ ਜਾ ਰਿਹਾ ਹੈ | ਜਿਸ ਕਾਰਨ ਇੱਥੇ ਕਈ ਜਾਨਲੇਵਾ ਹਾਦਸੇ ਵੀ ਵਾਪਰ ਚੁੱਕੇ ਹਨ ਤੇ ਜੇਕਰ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਨਾ ਰੋਕਿਆ ਗਿਆ ਤਾਂ ਇਹ ਬਾਈਪਾਸ ਜਲਦ ਹੀ ਇਕ ਤੰਗ ਸੜਕ ਬਣ ਕੇ ਰਹਿ ਜਾਵੇਗਾ, ਜਿਸ ਨਾਲ ਨਾ ਕੇਵਲ ਆਵਾਜਾਈ ਸੰਬੰਧੀ ਦਿੱਕਤਾਂ ਵਧਣਗੀਆਂ, ਬਲਕਿ ਹਾਦਸੇ ਵੀ ਹੋਣਗੇ | ਹਾਲਾਂਕਿ ਇਹ ਬਾਈਪਾਸ ਰੋਡ ਸ਼ਹਿਰ ਦੇ ਮਾਸਟਰ ਪਲਾਨ ਦਾ ਵੀ ਹਿੱਸਾ ਹੈ ਤੇ ਇਸ ਉੱਪਰ ਨਗਰ ਨਿਗਮ ਵੱਲ ਦੇ ਪਾਸੇ 100 ਫੁੱਟ ਤੱਕ ਕੋਈ ਵੀ ਉਸਾਰੀ ਨਹੀਂ ਹੋ ਸਕਦੀ ਪਰ ਇਸ ਦੇ ਬਾਵਜੂਦ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜਿਸ ਤਰ੍ਹਾਂ ਗੈਰ ਕਾਨੂੰਨੀ ਉਸਾਰੀਆਂ
ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਨਗਰ ਨਿਗਮ ਅਧਿਕਾਰੀਆਂ 'ਤੇ ਵੀ ਉਂਗਲਾਂ ਉੱਠਣ ਲੱਗੀਆਂ ਹਨ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚਿੱਟੇ ਦਿਨ ਬਾਈਪਾਸ 'ਤੇ ਬਿਨਾਂ ਨਕਸ਼ੇ ਪਾਸ ਕਰਵਾਏ ਇਹ ਉਸਾਰੀਆਂ ਬਿਨਾਂ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਸੰਭਵ ਨਹੀਂ ਹਨ | ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਪਿੱਛੇ ਭਿ੍ਸ਼ਟ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਣ ਲਈ ਵੀ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾਈ ਹੈ | ਇਹ ਨਾਜਾਇਜ਼ ਉਸਾਰੀਆਂ ਖਾਸ ਤੌਰ 'ਤੇ ਹਾਲ ਹੀ 'ਚ ਨਗਰ ਨਿਗਮ 'ਚ ਸ਼ਾਮਿਲ ਹੋਏ ਪਿੰਡ ਨੰਗਲ ਕਰਾਰ ਖਾਂ, ਸੋਫੀ ਪਿੰਡ, ਖੁਸਰੋਪੁਰ ਤੇ ਸੰਸਾਰਪੁਰ ਆਦਿ ਪਿੰਡਾਂ 'ਚ ਹੋ ਰਹੀਆਂ ਹਨ | ਇਨ੍ਹਾਂ ਥਾਵਾਂ 'ਤੇ ਕਈ ਲੋਕਾਂ ਨੇ ਜਿੱਥੇ ਬਹੁਮੰਜ਼ਿਲਾ ਵਪਾਰਕ ਇਮਾਰਤਾਂ ਖੜ੍ਹੀਆਂ ਕਰ ਲਈਆਂ ਹਨ, ਉੱਥੇ ਕਈਆਂ ਨੇ ਤਾਂ ਬੇਸਮੈਂਟਾਂ ਤੱਕ ਬਣਾ ਲਈਆਂ ਹਨ | ਕਈ ਦੁਕਾਨਦਾਰਾਂ ਨੇ ਆਪਣੀਆਂ ਥੜੀਆਂ ਤੇ ਪੌੜੀਆਂ ਤੱਕ ਇਸ ਬਾਈਪਾਸ ਰੋਡ ਉੱਪਰ ਹੀ ਬਣਾ ਕੇ ਨਿਗਮ ਪ੍ਰਸ਼ਾਸ਼ਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀ ਗੂੜ੍ਹੀ ਨੀਂਦ ਸੁੱਤੇ ਹੋਏ ਹਨ | ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਗੈਰ ਕਾਨੂੰਨੀ ਉਸਾਰੀਆਂ ਖਿਲਾਫ ਜਲਦ ਕੋਈ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਬਾਈਪਾਸ ਰੋਡ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ |
ਪਿਛਲੀ ਖ਼ਬਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਮਨਕਰਨ ਸਿੰਘ ਪੁਲਿਸ ਮੁਕਾਬਲੇ 'ਚ ਹੋਇਆ ਜ਼ਖ਼ਮੀ-ਦੋ ਹੋਰ ਸਾਥੀ ਵੀ ਹਥਿਆਰਾਂ ਸਮੇਤ ਕ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵਿਸ਼ੇਸ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।