19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਮਨਕਰਨ ਸਿੰਘ ਪੁਲਿਸ ਮੁਕਾਬਲੇ 'ਚ ਹੋਇਆ ਜ਼ਖ਼ਮੀ-ਦੋ ਹੋਰ ਸਾਥੀ ਵੀ ਹਥਿਆਰਾਂ ਸਮੇਤ ਕਾਬੂ

ਅਜੀਤ ਡੈਸਕ 23-10-2025
ਜਲੰਧਰ ਛਾਉਣੀ, 22 ਅਕਤੂਬਰ (ਪਵਨ ਖਰਬੰਦਾ)-ਗੈਂਗਸਟਰ ਜੱਗੂ ਭਗਵਾਨਪੁਰੀਆਂ ਦੇ ਕਰੀਬੀ ਸਾਥੀ ਮਨਕਰਨ ਸਿੰਘ ਦਿਉਲ ਪੁੱਤਰ ਜਤਿੰਦਰ ਸਿੰਘ ਵਾਸੀ ਸੁਰਿਆ ਇਨਕਲੈਵ ਜਲੰਧਰ, ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪੰਜਾਬੀ ਬਾਗ਼ ਪਠਾਨਕੋਟ ਬਾਈਪਾਸ ਜਲੰਧਰ ਅਤੇ ਜੈਬੀਰ ਸਿੰਘ ਜੈਵੀ ਪੁੱਤਰ ਗੁਰਜੀਤ ਸਿੰਘ ਵਾਸੀ ਕਰੋਲ ਬਾਗ ਜਲੰਧਰ ਵਲੋਂ ਦੇਰ ਰਾਤ ਕਰੀਬ ਡੇਢ ਵਜੇ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਚੁਗਿੱਟੀ ਵਿਖੇ ਜੂਆ ਖੇਡ ਰਹੇ ਕੁਝ ਲੋਕਾਂ ਤੋਂ ਜੂਆ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜੂਆ ਖੇਡ ਰਹੇ ਲੋਕਾਂ ਵਲੋਂ ਵਿਰੋਧ ਕੀਤੇ ਜਾਣ ਅਤੇ ਉਨ੍ਹਾਂ ਦਾ ਮੁਕਾਬਲਾ ਕੀਤੇ ਜਾਣ ਦੌਰਾਨ ਬਦਮਾਸ਼ ਮਨਕਰਨ ਸਿੰਘ ਦਿਉਲ ਤੇ ਉਸ ਦੇ ਸਾਥੀਆਂ ਵਲੋਂ ਆਪਣਾ ਬਚਾਅ ਕਰਨ ਲਈ ਗੋਲੀਆਂ ਚਲਾ ਦਿੱਤੀਆਂ ਗਈਆਂ ਪ੍ਰੰਤੂ ਇਸ ਦੌਰਾਨ ਮਨਕਰਨ ਸਿੰਘ ਦੇ ਇਕ ਸਾਥੀ ਦੀ ਪਿਸਤੌਲ ਘਟਨਾ ਵਾਲੀ ਥਾਂ 'ਤੇ ਡਿਗ ਗਈ, ਜਿਸ ਨੂੰ ਬਾਅਦ 'ਚ ਮੌਕੇ 'ਤੇ ਪੁੱਜੀ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਆਪਣੇ ਕਬਜ਼ੇ 'ਚ ਲੈ ਕੇ ਉਕਤ ਦੋਸ਼ੀਆਂ ਦੀ ਭਾਲ ਕਰਨੀ ਆਰੰਭ ਕਰ ਦਿੱਤੀ ਗਈ |
ਸਲੇਮਪੁਰ ਮਸੰਦਾ 'ਚ ਪੁਲਿਸ ਪਾਰਟੀ 'ਤੇ ਮਨਕਰਨ ਸਿੰਘ ਨੇ ਕੀਤੀ ਗੋਲੀਬਾਰੀ
ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਦੋਸ਼ੀ ਮਨਕਰਨ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਕੀਤੀ ਗਈ ਵਾਰਦਾਤ ਤੋਂ ਬਾਅਦ ਤੁਰੰਤ ਹੀ ਪੁਲਿਸ ਦੀਆਂ ਟੀਮਾਂ ਬਣਾ ਕੇ ਉਕਤ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਗਈ ਸੀ ਪ੍ਰੰਤੂ ਕਰੀਬ ਸਾਢੇ 3 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਮਨਕਰਨ ਸਿੰਘ ਆਪਣੇ ਦੋ ਸਾਥੀਆਂ ਸਿਮਰਨਜੀਤ ਸਿੰਘ ਅਤੇ ਜੈਬੀਰ ਸਿੰਘ ਨਾਲ ਇੱਕ ਸਿਲਵਰ ਰੰਗ ਦੀ ਕਾਰ ਜਿਸ 'ਤੇ ਪ੍ਰੈੱਸ ਲਿਖਿਆ ਹੋਇਆ ਹੈ, ਉਸ 'ਚ ਬੈਠ ਕੇ ਪਿੰਡ ਸਲੇਮਪੁਰ ਮਸੰਦਾ ਤੋਂ ਹੰੁਦੇ ਹੋਏ ਸ਼ਹਿਰ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੇ ਆਧਾਰ 'ਤੇ ਪਹਿਲਾਂ ਤੋਂ ਹੀ ਤਿਆਰ ਬੈਠੀਆਂ ਹੋਈਆਂ ਪੁਲਿਸ ਦੀਆਂ ਟੀਮਾਂ ਨੇ ਮਨਕਰਨ ਸਿੰਘ ਤੇ ਉਸ ਦੇ ਸਾਥੀਆਂ ਨੂੰ ਪਿੰਡ ਸਲੇਮਪੁਰ ਮਸੰਦਾ ਵਿਖੇ ਜਾ ਕੇ ਘੇਰਾ ਪਾ ਲਿਆ, ਜਿਸ ਦੌਰਾਨ ਮਨਕਰਨ ਸਿੰਘ ਨੇ 32 ਬੋਰ ਦੀ ਨਾਜਾਇਜ਼ ਪਿਸਤੌਲ ਨਾਲ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਮਨਕਰਨ ਸਿੰਘ ਜ਼ਖ਼ਮੀ ਹੋ ਗਿਆ ਤੇ ਪੁਲਿਸ ਪਾਰਟੀ ਵਲੋਂ ਤਿੰਨੇ ਹੀ ਦੋਸ਼ੀਆਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਦੋਵੇਂ ਪਾਸਿਉਂ ਹੋਈ ਗੋਲੀਬਾਰੀ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ |
ਵੱਖ ਵੱਖ ਥਾਣਿਆਂ 'ਚ ਹਨ ਮਨਕਰਨ ਸਿੰਘ ਦੇ ਖ਼ਿਲਾਫ਼ ਮਾਮਲੇ ਦਰਜ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮਨਕਰਨ ਸਿੰਘ ਦੀ ਲੱਤ 'ਤੇ ਗੋਲੀ ਲੱਗੀ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਨਕਰਨ ਸਿੰਘ ਖ਼ਿਲਾਫ਼ ਅੰਮਿ੍ਤਸਰ ਵਿਖੇ ਕਤਲ ਦਾ ਮਾਮਲਾ ਦਰਜ ਹੈ ਤੇ ਜਲੰਧਰ ਕਮਿਸ਼ਨਰੇਟ ਦੇ ਅਧੀਨ ਆਉਂਦੇ ਵੱਖ ਵੱਖ ਥਾਣਿਆਂ 'ਚ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਮਨਕਰਨ ਸਿੰਘ ਦੇ ਨਾਲ ਕਾਬੂ ਕੀਤੇ ਗਏ ਉਸ ਦੇ ਸਾਥੀ ਜੈਬੀਰ ਸਿੰਘ ਜੈਬੀ ਦੇ ਖ਼ਿਲਾਫ਼ ਵੀ ਥਾਣਾ ਰਾਮਾ ਮੰਡੀ ਵਿਖੇ ਲੜਾਈ ਝਗੜੇ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਸ਼ੀ ਮਨਕਰਨ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ ਤੇ ਪੁਲਿਸ ਵਲੋਂ ਉਸ ਦੀ ਕਾਫ਼ੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਈ. ਡੀ. ਵਲੋਂ 12 ਜਾਇਦਾਦਾਂ ਜ਼ਬਤ ਅਗਲੀ ਖ਼ਬਰ ਜਲੰਧਰ ਛਾਉਣੀ ਬਾਈਪਾਸ ਰੋਡ 'ਤੇ ਹੋ ਰਹੀਆਂ ਗੈਰ- ਕਾਨੂੰਨੀ ਉਸਾਰੀਆਂ ਸੰਬੰਧੀ ਨਿਗਮ ਪ੍ਰਸ਼ਾਸਨ ਨੇ ਸਾਧੀ ਚੁੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।