ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ 7 ਨੂੰ ਕਾਰ ਸੇਵਾ ਹੋਵੇਗੀ ਸ਼ੁਰੂ
ਅਜੀਤ ਡੈਸਕ
05-11-2025
ਜਲੰਧਰ, 4 ਨਵੰਬਰ (ਸ਼ੈਲੀ)-ਜਲੰਧਰ ਦੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਪਵਿੱਤਰ ਸਰੋਵਰ 'ਚ 7 ਨਵੰਬਰ ਨੂੰ ਕਾਰ ਸੇਵਾ ਸ਼ੁਰੂ ਹੋਵੇਗੀ | ਕਾਰ ਸੇਵਾ ਦੌਰਾਨ ਮਹਾਰਿਸ਼ੀ ਕੁਮਾਰ ਸਵਾਮੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਤ ਸਮਾਜ ਵੀ ਪਹੁੰਚੇਗਾ, ਜਿਨ੍ਹਾਂ ਦੀ ਅਗਵਾਈ ਹੇਠ ਕਾਰ ਸੇਵਾ ਸ਼ੁਰੂ ਹੋਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਕਾਰ ਸੇਵਾ ਸ੍ਰੀ ਸੁੰਦਰ ਕਾਂਡ ਅਤੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਅਤੇ ਆਰਤੀ ਨਾਲ ਸ਼ੁਰੂ ਹੋਵੇਗੀ | ਉਨ੍ਹਾਂ ਕਿਹਾ ਕਿ ਪੂਜਾ ਆਰਤੀ ਤੋਂ ਬਾਅਦ ਮਹਾਰਿਸ਼ੀ ਕੁਮਾਰ ਸਵਾਮੀ ਸ਼ਾਮ 4 ਵਜੇ ਮੰਤਰਾਂ ਦੇ ਜਾਪ ਨਾਲ ਕਾਰ ਸੇਵਾ ਸ਼ੁਰੂ ਕਰਵਾਉਣਗੇ |
ਉਨ੍ਹਾਂ ਕਿਹਾ ਕਿ ਕਾਰ ਸੇਵਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪਵਿੱਤਰ ਸਰੋਵਰ ਦੀ ਪਿਛਲੀ ਕਾਰ ਸੇਵਾ 2003 ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ 2016 ਵਿੱਚ ਕਾਰ ਸੇਵਾ ਕੀਤੀ ਗਈ ਸੀ, ਅਤੇ ਹੁਣ ਲਗਭਗ ਦਸ ਸਾਲਾਂ ਬਾਅਦ, ਮੰਦਰ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੁਬਾਰਾ ਸਤ ਨਵੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ਰਧਾਲੂ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਾਰ ਸੇਵਾ ਕਰ ਸਕਣਗੇ |