ਜਲੰਧਰ, 4 ਨਵੰਬਰ (ਸਟਾਫ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੜ੍ਹਦਾ ਪਾਸਾ ਕੁੱਕੜ ਪਿੰਡ ਵਿਖੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ 'ਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਨਗਰ ਕੀਰਤਨ ਸਮੁੱਚੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰੁਦਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਮੌਕੇ ਵੱਖ-ਵੱਖ ਸ਼ਬਦੀ ਜਥੇ ਤੇ ਬੈਂਡ ਵਾਜਾ ਪਾਰਟੀਆਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅਮਰੀਕ ਸਿੰਘ ਕੁੱਕੜ ਪਿੰਡ ਨੇ ਦੱਸਿਆ ਕਿ ਇਸ ਤੋਂ ਪਹਿਲਾਂ 24 ਅਕਤੂਬਰ ਤੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਤੇ ਇਨ੍ਹਾਂ ਪ੍ਰਭਾਤ ਫੇਰੀਆਂ 'ਚ ਵੀ ਹਰ ਰੋਜ਼ ਵੱਡੀ ਗਿਣਤੀ 'ਚ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵੀ ਗੁਰਦੁਆਰਾ ਸਾਹਿਬ ਵਿਕੇ 5 ਨਵੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ | ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੁਪਹਿਰ 3 ਵਜੇ ਤੱਕ ਵਿਸ਼ਾਲ ਦੀਵਾਨ ਸਜਾਏ ਜਾਣਗੇ, ਜਿਸ 'ਚ ਪੰਥ ਦੇ ਪ੍ਰਸਿੱਧ ਢਾਡੀ ਭਾਈ ਸਤਨਾਮ ਸਿੰਘ 'ਲਾਲੂ ਘੁੰਮਣ' ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਦਾ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ | ਇਸੇ ਤਰ੍ਹਾਂ ਸ਼ਾਮ ਦੇ ਦੀਵਾਨ 7 ਤੋਂ ਲੈ ਕੇ ਸਾਢੇ 8 ਵਜੇ ਤੱਕ ਸਜਾਏ ਜਾਣਗੇ | ਸਜਾਏ ਗਏ ਨਗਰ ਕੀਰਤਨ 'ਚ ਮੰਗਲ ਸਿੰਘ ਬੋਪਾਰਾਏ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸੁੱਚਾ ਸਿੰਘ, ਪਰਮਜੀਤ ਸਿੰਘ ਬਾਹੀਆ, ਕਲੁਦੀਪ ਸਿੰਘ ਕਾਕਾ, ਮਲਕੀਤ ਸਿੰਘ ਬਾਹੀਆ, ਹਰਿੰਦਰ ਸਿੰਘ ਬੋਪਾਰਾਏ, ਜਸਕਰਨ ਸਿੰਘ ਬਾਹੀਆ, ਰਛਪਾਲ ਸਿੰਘ ਬਾਹੀਆ ਤੇ ਉੱਘੇ ਕਿਸਾਨ ਆਗੂ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਸਮੇਤ ਵੱਡੀ ਗਿਣਤੀ 'ਚ ਸੰਗਤ ਸ਼ਾਮਿਲ ਹੋਈ |