ਜਲੰਧਰ, 4 ਨਵੰਬਰ (ਪਵਨ ਖਰਬੰਦਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਮਾਤ 11ਵੀਂ ਦੇ ਵਿਦਿਆਰਥੀਆਂ ਵਲੋਂ ਸਕੂਲ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਉਪਰੰਤ ਮਿਊਜ਼ਿਕ ਅਧਿਆਪਕ ਸਰਦਾਰ ਜਸਵਿੰਦਰ ਸਿੰਘ ਵਲੋਂ ਬੱਚਿਆਂ ਨਾਲ ਕੀਰਤਨ ਕੀਤਾ | ਵਿਦਿਆਰਥੀਆਂ ਵਲੋਂ ਬੱਚਿਆਂ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ਕਾਲਾ ਸੰਘਿਆ ਰੋਡ ਨਗਰ ਕੀਰਤਨ ਵਿਖੇ ਲਿਜਾਇਆ | ਇਹ ਨਗਰ ਕੀਰਤਨ ਕਾਲਾ ਸੰਘਿਆ ਰੋਡ ਸਥਿਤ ਗੁਰਦੁਆਰਾ 'ਚੋਂ ਸਜਾਇਆ | ਸਕੂਲ ਦੇ ਵਿਦਿਆਰਥੀ ਬੈਂਡ ਦਾ ਪ੍ਰਦਰਸ਼ਨ ਕਰਦੇ ਅੱਗੇ ਅੱਗੇ ਜਾ ਰਹੇ ਸਨ | ਰਸਤੇ ਵਿਚ ਬੱਚਿਆਂ ਨੇ ਕੀਰਤਨ ਦਰਬਾਰ ਪ੍ਰੋਗਰਾਮ ਕੀਤਾ | ਵਿਦਿਆਰਥੀਆਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਨਗਰ ਕੀਰਤਨ ਵਿਚ ਹਿੱਸਾ ਲਿਆ | ਇਸ ਦੇ ਪਿੱਛੇ ਸਕੂਲੀ ਵਿਦਿਆਰਥੀ ਕੀਰਤਨ ਗਾਇਣ ਕਰ ਰਹੇ ਸਨ | ਨਗਰ ਕੀਰਤਨ ਦਾ ਕਈ ਥਾਵਾਂ 'ਤੇ ਸਵਾਗਤ ਕੀਤਾ | ਸਕੂਲ ਦੇ ਚੇਅਰਮੈਨ ਸਰਦਾਰ ਮਹਿੰਦਰ ਸਿੰਘ, ਚੇਅਰਪਰਸਨ ਜਗਦੀਪ ਕੌਰ, ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ, ਵਾਈਸ ਪਿ੍ੰਸੀਪਲ ਨਿਸ਼ਾ ਟੱਕਰ, ਐਡਮਿਨ ਵਾਈਸ ਪਿ੍ੰਸੀਪਲ ਵਰਿੰਦਰ ਭਾਰਦਵਾਜ ਨੇ ਸਭ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਜੀਵਨ ਜਿਊਣ ਦਾ ਉਪਦੇਸ਼ ਦਿੱਤਾ | ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ |