ਸ਼ਾਹਕੋਟ, 4 ਨਵੰਬਰ (ਦਲਜੀਤ ਸਿੰਘ ਸਚਦੇਵਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਤਰਨ ਤਾਰਨ ਵਿਚ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ | ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਤਰਨ ਤਾਰਨ ਦੇ ਲੋਕ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ 'ਤੇ ਮੋਹਰ ਲਗਾਉਣਗੇ | ਉਨ੍ਹਾਂ ਸਥਾਨਕ ਲੋਕਾਂ ਨੂੰ ਭਾਜਪਾ ਦੀ ਦੂਰ ਅੰਦੇਸ਼ੀ ਸੋਚ ਤੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਤਰਨ ਤਾਰਨ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲਾ ਖੇਤਰ ਹੈ, ਪਰ ਇਸ ਨੂੰ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਕੇਵਲ ਸਥਾਨਕ ਵਿਕਾਸ ਦੀ ਗੱਲ ਨਹੀਂ ਕਰਦੇ, ਸਗੋਂ ਸਾਡਾ ਉਦੇਸ਼ ਤਰਨ ਤਾਰਨ ਨੂੰ ਕੇਂਦਰ ਦੀਆਂ ਵੱਡੀਆਂ ਯੋਜਨਾਵਾਂ ਨਾਲ ਜੋੜਨਾ ਹੈ | ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ | ਤਰਨ ਤਾਰਨ ਦੇ ਲੋਕ ਹਰਜੀਤ ਸਿੰਘ ਸੰਧੂ ਵਰਗੇ ਜ਼ਮੀਨੀ ਪੱਧਰ ਦੇ ਆਗੂ ਨੂੰ ਜਿਤਾਉਣ ਤਾਂ ਜੋ ਹਲਕੇ 'ਚ ਵਿਕਾਸ ਦੀ ਗਤੀ ਤੇਜ਼ ਹੋਵੇ | ਉਨ੍ਹਾਂ ਕਿਹਾ ਕਿ ਲੋਕ ਹੁਣ ਝੂਠੇ ਵਾਅਦਿਆਂ ਤੇ ਭਿ੍ਸ਼ਟਾਚਾਰ ਦੀ ਰਾਜਨੀਤੀ ਨੂੰ ਰੱਦ ਕਰ ਦੇਣਗੇ ਤੇ ਇਸ ਵਾਰ ਭਾਜਪਾ ਨੂੰ ਮੌਕਾ ਦੇਣਗੇ |