ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਲਈ ਲੁਧਿਆਣਾ ਵਿਖੇ 10 ਜੂਨ ਨੂੰ ਵੱਡੀ ਰੋਸ ਰੈਲੀ ਕੀਤੀ ਗਈ ਸੀ | ਇਸ ਉਪਰੰਤ ਲੁਧਿਆਣਾ ਪ੍ਰਸ਼ਾਸਨ ਵਲੋਂ 15 ਜੂਨ ਨੂੰ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰਵਾਈ ਗਈ | ਇਸ ਮੀਟਿੰਗ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਨਿੰਦਿਤਾ ਮਿਤਰਾ, ਪ੍ਰਮੁੱਖ ਵਿੱਤ ਸਕੱਤਰ ਕਿ੍ਸ਼ਨ ਕੁਮਾਰ, ਪ੍ਰਸੋਨਲ ਸਕੱਤਰ ਗੁਰਪ੍ਰੀਤ ਕੌਰ ਸਪਰਾ ਆਦਿ ਹਾਜ਼ਰ ਸਨ | ਮੀਟਿੰਗ ਵਿਚ ਹੋਈ ਗੱਲਬਾਤ ਬਾਰੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਹਾਈਕੋਰਟ ਦੇ ਫ਼ੈਸਲੇ ਅਨੁਸਾਰ 3704 ਮਾਸਟਰ ਕੇਡਰ ਭਰਤੀ 'ਤੇ ਪੰਜਾਬ ਪੇਅ ਸਕੇਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਸਰਕਾਰ ਸਪੀਕਿੰਗ ਆਰਡਰ ਜਾਰੀ ਕਰਨ ਸੰਬੰਧੀ ਟਾਲ-ਮਟੋਲ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਕੋਰਟ ਨੇ ਪੰਜਾਬ ਪੇਅ ਸਕੇਲ ਲਾਗੂ ਕਰਨ ਸੰਬੰਧੀ ਸਰਕਾਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਸੀ | ਇਹ ਸਮਾਂ 2 ਜੂਨ ਨੂੰ ਪੂਰਾ ਹੋ ਗਿਆ ਹੈ, ਪਰ ਸਰਕਾਰ ਇਸ ਵਿਚ ਦੇਰੀ ਕਰ ਰਹੀ ਹੈ | ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਬਹੁਤ ਜਲਦੀ ਹੀ ਇਸ ਮਸਲੇ ਸੰਬੰਧੀ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ | ਮੈਰਿਟ ਲਿਸਟਾਂ ਰਿਵਾਈਜ਼ਡ ਸੰਬੰਧੀ ਮੰਗ 'ਤੇ ਮੁੱਖ ਮੰਤਰੀ, ਸਿੱਖਿਆ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਰੀਕਾਸਟ ਕੀਤੀਆਂ ਲਿਸਟਾਂ ਸੰਬੰਧੀ ਕਿਸੇ ਅਧਿਆਪਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਬਦਲੀਆਂ ਦੇ ਸੰਬੰਧ ਵਿਚ ਦੋ ਸਾਲ ਦੀ ਸਟੇਅ ਪੂਰੀ ਕਰਨ ਵਾਲੇ ਅਧਿਆਪਕਾਂ ਨੂੰ ਚਲੰਤ ਬਦਲੀਆਂ ਵਿਚ, ਦੂਜੇ ਰਾਊਾਡ 'ਚ ਬਦਲੀ ਦਾ ਮੌਕਾ ਦੇਣ ਦਾ ਵਿਸ਼ਵਾਸ ਦਿੱਤਾ ਗਿਆ ਹੈ, ਅੰਗਰੇਜ਼ੀ/ਸਮਾਜਿਕ ਸਿੱਖਿਆ ਦੇ ਅਧਿਆਪਕਾਂ ਦੀਆਂ ਆਸਾਮੀਆਂ ਸੰਬੰਧੀ ਬੱਚਿਆਂ ਦੀ ਰੇਸ਼ੋ ਦੇ ਆਧਾਰ 'ਤੇ ਵੰਡ ਸੰਬੰਧੀ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਇਸ ਸਮੇਂ ਆਗੂ ਯਾਦਵਿੰਦਰ ਸਿੰਘ, ਦਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ |