ਮੰਡੀ ਲੱਖੇਵਾਲੀ, 17 ਜੂਨ (ਮਿਲਖ ਰਾਜ)-ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦਿਆਂ ਸਹਾਰੇ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਬਲਕਿ ਇਸ ਦੇ ਰਾਜ ਵਿਚ ਪੰਜਾਬ ਦੀ ਆਰਥਿਕਤਾ ਸਮੇਤ ਅਮਨ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਿਆ ਹੈ ਅਤੇ ਪੰਜਾਬ ਹਰ ਪੱਖੋਂ ਤਬਾਹੀ ਦੀ ਕਗਾਰ 'ਤੇ ਪੁੱਜ ਚੁੱਕਿਆ ਹੈ, ਜਿਸ ਨੂੰ ਸਿਰਫ਼ ਕਾਂਗਰਸ ਪਾਰਟੀ ਹੀ ਬਚਾ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕੋਆਰਡੀਨੇਟਰ ਹੰਸ ਰਾਜ ਜੋਸ਼ਨ ਨੇ ਸਥਾਨਕ ਮੰਡੀ ਵਿਖੇ ਭੁੱਲਰ ਮੈਡੀਕਲ ਹਾਲ 'ਤੇ ਕਾਂਗਰਸੀ ਵਰਕਰਾਂ ਨਾਲ ਇਕ ਮਿਲਣੀ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਪੰਜਾਬ ਦੀ ਆਰਥਿਕ ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ | ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਹਰ ਰੋਜ਼ ਇਲਾਕੇ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਅਤੇ ਸਰਕਾਰ ਨਸ਼ਾ ਮੁਕਤ ਹੋਣ ਦਾ ਜਸ਼ਨ ਮਨਾ ਰਹੀ ਹੈ | ਪੰਜਾਬ ਦਾ ਹਰ ਵਰਗ ਸਰਕਾਰ ਤੇ ਇਨ੍ਹਾਂ ਦੇ ਆਗੂਆਂ ਦੀਆਂ ਨਾਦਾਨ ਹਰਕਤਾਂ ਤੋਂ ਪ੍ਰੇਸ਼ਾਨ ਹੋਇਆ ਪਿਆ ਹੈ ਅਤੇ ਉਹ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਬੇਸਬਰੀ ਨਾਲ ਉਡੀਕ ਰਿਹਾ ਹੈ ਤਾਂ ਜੋ ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਨਵੀਆਂ ਲੀਹਾਂ 'ਤੇ ਤੋਰਿਆ ਜਾ ਸਕੇ | ਕਾਂਗਰਸ ਪਾਰਟੀ ਨੇ ਪਹਿਲਾਂ ਵੀ ਵੱਡੀਆਂ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਤੋਂ ਬਚਾਇਆ ਸੀ ਅਤੇ ਹੁਣ ਵੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਬਣਨ ਤੇ ਨੌਜਵਾਨਾਂ ਲਈ ਵਿਸ਼ੇਸ ਪ੍ਰੋਗਰਾਮ ਉਲੀਕਿਆ ਜਾਵੇਗਾ | ਇਸ ਮੌਕੇ ਡਾ. ਹਰਪਾਲ ਸਿੰਘ ਭੁੱਲਰ, ਹੈਪੀ ਬਾਂਸਲ, ਵਿਜੇ ਕੁਮਾਰ ਸਾਬਕਾ ਪੰਚ, ਵਿੱਕੀ ਬੱਤਰਾ, ਸੁਰਿੰਦਰ ਕੁਮਾਰ, ਰਾਜ ਕੁਮਾਰ, ਇਕਬਾਲ ਚੰਦ ਪੀ.ਏ. ਆਦਿ ਹਾਜ਼ਰ ਸਨ |