ਮੰਡੀ ਕਿੱਲਿਆਂਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਵਿਚਲੇ ਦੋ ਪਿੰਡਾਂ ਦੀ ਮੁੜ ਗਿਣਤੀ ਮੌਕੇ ਅਰਨੀਵਾਲਾ ਵਜ਼ੀਰਾ ਦਾ ਸਰਪੰਚ ਰਛਪਾਲ ਸਿੰਘ 8 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ | ਨਵੇਂ ਚੋਣ ਨਤੀਜੇ ਮੁਤਾਬਿਕ ਪਟੀਸ਼ਨਕਰਤਾ ਮਨਜੀਤ ਸਿੰਘ ਹੁਣ ਪਿੰਡ ਦਾ ਨਵਾਂ ਸਰਪੰਚ ਹੋਵੇਗਾ | ਮੁੜ ਗਿਣਤੀ ਮੌਕੇ 27 ਰੱਦ ਵੋਟਾਂ 'ਚੋਂ 10 ਵੋਟਾਂ ਪਟੀਸ਼ਨਰ ਮਨਜੀਤ ਸਿੰਘ ਦੇ ਹੱਕ 'ਚ ਭੁਗਤੀਆਂ ਮਿਲੀਆਂ | ਜਿਸ ਕਰਕੇ ਜਿੱਤ-ਹਾਰ ਦੀ ਬਾਜ਼ੀ ਪਲਟ ਗਈ | ਜ਼ਿਕਰਯੋਗ ਹੈ ਕਿ 15 ਅਕਤੂਬਰ 2024 ਨੂੰ ਚੋਣਾਂ ਮੌਕੇ ਰਛਪਾਲ ਸਿੰਘ ਦੋ ਵੋਟਾਂ ਨਾਲ ਨਾਲ ਸਰਪੰਚ ਚੁਣਿਆ ਗਿਆ ਸੀ, ਉਦੋਂ 27 ਵੋਟਾਂ ਰੱਦ ਹੋਈਆਂ ਸਨ | ਚੋਣ ਟਿ੍ਬਿਊਨਲ ਮਲੋਟ ਕੋਲ ਦਾਇਰ ਪਟੀਸ਼ਨਾਂ ਦੇ ਫ਼ੈਸਲੇ ਤਹਿਤ ਕੱਲ੍ਹ ਸਬ ਤਹਿਸੀਲ ਲੰਬੀ 'ਚ ਅਰਨੀਵਾਲਾ ਵਜੀਰਾ ਅਤੇ ਧੌਲਾ ਦੀ ਮੁੜ ਗਿਣਤੀ ਕਰਵਾਈ ਗਈ | ਅਰਨੀਵਾਲਾ ਵਜੀਰਾ ਦੀ ਮੁੜ ਗਿਣਤੀ ਕਰੀਬ ਚਾਰ ਘੰਟਿਆਂ 'ਚ ਮੁਕੰਮਲ ਹੋਈ, ਰਾਤ 8 ਵਜੇ ਨਤੀਜਾ ਆਇਆ | ਇਸ ਮੌਕੇ ਚੋਣ ਟਿ੍ਬਿਊਨਲ-ਕਮ-ਐਸ.ਡੀ.ਐਮ. ਜਸਪਾਲ ਸਿੰਘ ਬਰਾੜ ਵੀ ਮੌਜੂਦ ਸਨ | ਧੌਲਾ ਦੀ ਮੁੜ ਗਿਣਤੀ ਮੌਕੇ ਸਿਰਫ਼ ਫਰਦ ਕੇਂਦਰ ਨੂੰ ਸੁਰੱਖਿਆ ਘੇਰੇ 'ਚ ਲਿਆ ਗਿਆ | ਦੂਜੇ ਪਾਸੇ ਅਰਨੀਵਾਲਾ ਵਜੀਰਾ ਦੀ ਮੁੜ ਗਿਣਤੀ ਵੀਆਈਪੀ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ | ਸਾਰੇ ਲੋਕਾਂ ਨੂੰ ਸਬ ਤਹਿਸੀਲ ਕੰਪਲੈਕਸ ਤੋਂ ਬਾਹਰ ਭੇਜ ਕੇ ਮੁੱਖ ਗੇਟ ਬੰਦ ਕਰਕੇ ਪੁਲਿਸ ਲਗਾ ਦਿੱਤਾ ਗਿਆ | ਸਵੇਰ ਸਮੇਂ ਤਹਿਸੀਲ ਦਫ਼ਤਰ ਵਿਚ ਇਕ ਪੀ.ਏ. ਦੀ ਉਚੇਚੀ ਆਮਦ ਵਿਚ ਖਾਸੀ ਚਰਚਾ ਵਿਚ ਰਹੀ ਸੀ | ਮਲੋਟ ਦੇ ਐਸ.ਡੀ.ਐਮ. ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਮੁੜ ਗਿਣਤੀ 'ਚ ਅੱਠ ਵੋਟਾਂ ਦੇ ਫ਼ਰਕ ਨਾਲ ਪਟੀਸ਼ਨਰ ਮਨਜੀਤ ਸਿੰਘ ਜੇਤੂ ਰਿਹਾ | ਦੋਵੇਂ ਗਿਣਤੀਆਂ ਦੀ ਪ੍ਰਕਿਰਿਆ ਵੀਡੀਓਗਰਾਫ਼ੀ ਹੇਠ ਹੋਈ ਹੈ |
ਜ਼ਬਰੀ ਹਰਾਇਆ ਗਿਆ, ਹਾਈਕੋਰਟ ਜਾਵਾਂਗਾਂ: ਰਛਪਾਲ ਸਿੰਘ
ਚੋਣ ਹਾਰਨ ਵਾਲੇ ਰਛਪਾਲ ਸਿੰਘ ਨੇ ਸੱਤਾ ਪੱਖ ਦੇ ਦਬਾਅ ਹੇਠਾਂ ਪ੍ਰਸ਼ਾਸਨ ਵਲੋਂ 27 ਰੱਦ ਵੋਟਾਂ ਵਿਚੋਂ 10 ਵੋਟਾਂ ਨੂੰ ਜ਼ਬਰੀ ਮਨਜੀਤ ਸਿੰਘ ਦੇ ਹੱਕ ਵਿਚ ਵਿਖਾਉਣ ਦੇ ਦੋਸ਼ ਲਗਾਏ | ਰਛਪਾਲ ਮੁਤਾਬਿਕ ਕੁੱਲ 943 ਵੋਟਾਂ ਦੀ ਗਿਣਤੀ 'ਚ ਪਹਿਲਾਂ ਵਾਂਗ ਉਸ ਦੀਆਂ ਦੋ ਵੋਟਾਂ ਵੱਧ ਸਨ | ਹੁਣ ਉਹ ਹਾਈਕੋਰਟ ਦਾ ਰੁੱਖ ਕਰੇਗਾ | ਕਾਂਗਰਸ ਆਗੂ ਹਰਮੀਤ ਸੰਧੂ ਨੇ ਕਿਹਾ ਕਿ ਸੱਤਾ ਪੱਖ ਨੇ ਸਬ ਤਹਿਸੀਲ ਦਾ ਬੂਹਾ ਬੰਦ ਕਰਕੇ ਇਹ ਚੋਣ ਜ਼ਬਰੀ ਜਿੱਤੀ ਹੈ | ਦੂਜੇ ਪਾਸੇ ਧੌਲਾ ਦਾ ਪੁਰਾਣਾ ਨਤੀਜਾ ਬਰਕਰਾਰ ਰਿਹਾ | ਮੁੜ ਗਿਣਤੀ ਮੌਕੇ ਧੌਲਾ ਦੇ ਸਰਪੰਚ ਅਹੁੁਦੇ ਦੀ 72 ਵੋਟ ਅੰਤਰ ਵਾਲੀ ਪੁਰਾਣੀ ਜਿੱਤ-ਹਾਰ ਬਰਕਰਾਰ ਰਹੀ |
<h4> ਲੰਬੀ ਹਲਕੇ 'ਚ ਸਰਪੰਚ ਚੋਣਾਂ ਦੀ ਮੁੜ ਗਿਣਤੀ ਦਾ ਮਾਮਲਾ </h4> ਅੱਠ ਵੋਟਾਂ ਨਾਲ ਮੌਜੂਦਾ ਸਰਪੰਚ ਹਾਰਿਆ, ਮਨਜੀਤ ਐਲਾਨਿਆਂ ਨਵਾਂ ਸਰਪੰਚ
ਅਜੀਤ ਡੈਸਕ
18-06-2025