ਬਠਿੰਡਾ, 15 ਜੂਨ (ਪੱਤਰ ਪ੍ਰੇਰਕ)- ਬਠਿੰਡਾ-ਬਾਦਲ ਰੋਡ 'ਤੇ ਪਿੰਡ ਨੰਦਗੜ੍ਹ ਕੋਲੋਂ ਲੰਘਦੇ ਰਜਵਾਹੇ 'ਚੋ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਮੌਕੇ 'ਤੇ ਕੋਈ ਸ਼ਨਾਖ਼ਤ ਨਹੀਂ ਹੋ ਸਕੀ | ਸਹਾਰਾ ਜਨ ਸੇਵਾ ਮੁਖੀ ਵਿਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੰਦਗੜ੍ਹ ਰਜਵਾਹੇ 'ਚ ਇਕ ਲਾਸ਼ ਤੈਰ ਰਹੀ ਹੈ, ਜਿਸ ਮਗਰੋਂ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਵਿੱਕੀ ਕੁਮਾਰ ਤੇ ਰਾਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਤਿਉਣਾ ਤੋਂ ਅੱਗੇ ਨੰਦਗੜ੍ਹ ਰਜਬਾਹੇ ਵਿਚੋਂ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਸੀ | ਸੂਚਨਾ ਦੇਣ 'ਤੇ ਮੌਕੇ ਉੱਪਰ ਥਾਣਾ ਸਦਰ ਦੀ ਪੁਲਿਸ ਪਾਰਟੀ ਵੀ ਪਹੁੰਚ ਗਈ, ਜਿਨ੍ਹਾਂ ਦੀ ਮੌਜੂਦਗੀ ਵਿਚ ਲਾਸ਼ ਨੂੰ ਰਜਵਾਹੇ ਵਿਚੋਂ ਬਾਹਰ ਕੱਢਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਫ਼ਿਰੋਜ਼ੀ ਰੰਗ ਦੀ ਡੱਬੀਦਾਰ ਸ਼ਰਟ ਪਾਈ ਹੋਈ ਹੈ ਅਤੇ ਉਸ ਦੇ ਕੋਲੋਂ ਸ਼ਨਾਖ਼ਤ ਸੰਬੰਧੀ ਕੋਈ ਵੀ ਕਾਗ਼ਜ਼ਾਤ ਨਹੀਂ ਮਿਲਿਆ | ਪੁਲਿਸ ਦੀ ਮੁੱਢਲੀ ਕਾਰਵਾਈ ਉਪਰੰਤ ਮਿ੍ਤਕ ਦੀ ਲਾਸ਼ ਦੀ ਸ਼ਨਾਖ਼ਤ ਤੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਹਸਪਤਾਲ ਵਿਚ ਪਹੁੰਚਾ ਦਿੱਤਾ ਹੈ |