ਭੀਖੀ, 17 ਜੂਨ (ਬਲਕਾਰ ਸਿੰਘ ਸਹੋਤਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਬਲਾਕਾਂ ਦੇ ਪੁਨਰਗਠਨ ਦੀ ਨੀਤੀ ਅਧੀਨ ਬਲਾਕ ਭੀਖੀ ਨੂੰ ਤੋੜਨ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ 2 ਘੰਟੇ ਲਈ ਸੰਕੇਤਕ ਧਰਨਾ ਦੇ ਕੇ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉੱਥੇ ਕਿਹਾ ਕਿ ਦਫ਼ਤਰ ਦਾ ਸਮਾਨ ਨਹੀ ਚੁੱਕਣ ਦਿੱਤਾ ਜਾਵੇਗਾ ਅਤੇ ਸੰਗਠਨ ਆਪਣੇ ਪੱਧਰ 'ਤੇ ਦਫ਼ਤਰ ਦੀ ਪਹਿਰੇਦਾਰੀ ਕਰਨਗੇ | ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੋਲਾ ਸਿੰਘ ਸਮਾਉਂ, ਮੁਲਾਜਮ ਆਗੂ ਕਰਨੈਲ ਸਿੰਘ, ਪੰਜਾਬ ਪ੍ਰਦੇਸ਼ ਕਿਸਾਨ ਕਾਂਗਰਸ ਦੇ ਬਲਜੀਤ ਸ਼ਰਮਾ, ਭਾਕਿਯੂ ਕਾਦੀਆਂ ਦੇ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਦੋਗਲੀ ਨੀਤੀ ਅਪਣਾ ਰਹੀ ਹੈ | ਇਕ ਪਾਸੇ ਨਵੇਂ ਜ਼ਿਲਿ੍ਹਆਂ ਦਾ ਗਠਨ ਕੀਤਾ ਗਿਆ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੀ ਮੁੱਢਲੀ ਇਕਾਈ ਬੀ.ਡੀ.ਪੀ.ਓ. ਦਫ਼ਤਰ ਨੂੰ ਤੋੜਨ 'ਤੇ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਭੀਖੀ ਇਲਾਕੇ ਦੇ 33 ਪਿੰਡਾਂ ਦੇ ਲੋਕਾਂ ਨੂੰ ਸਿਰਦਰਦੀ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਸਰਕਾਰੀ ਪੋਸਟਾਂ ਖ਼ਤਮ ਹੋਣ ਨਾਲ ਨੌਜਵਾਨ ਹੋਰ ਬੇਰੁਜ਼ਗਾਰ ਹੋਣਗੇ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਲਾਕ ਤੋੜੇ ਗਏ ਤਾਂ ਇਸ ਦੇ ਗੰਭੀਰ ਰਾਜਨੀਤਕ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਕਿਹਾ ਕਿ ਭੀਖੀ ਬਲਾਕ ਦੇ ਦਫ਼ਤਰ ਦਾ ਸਮਾਨ ਹਰਗਿਜ਼ ਨਹੀਂ ਚੁੱਕਣ ਦੇਣਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਦਫ਼ਤਰ ਦੀ 24 ਘੰਟੇ ਪਹਿਰੇਦਾਰੀ ਕੀਤੀ ਜਾਵੇਗੀ | ਧਰਨੇ ਵਿਚ ਭੂਰਾ ਸਿੰਘ ਸਮਾਉਂ, ਸਾਬਕਾ ਕੌਂਸਲਰ ਕੇਵਲ ਸਿੰਘ, ਗੁਰਨਾਮ ਸਿੰਘ, ਕੇਵਲ ਸਿੰਘ ਸਮਾਉਂ, ਬਲਦੇਵ ਸਿੰਘ, ਮੋਲਕ ਸਿੰਘ, ਕੁਲਦੀਪ ਸਿੰਘ, ਸੋਹਣ ਲਾਲ, ਗੁਲਾਬ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਭੀਖੀ ਬਲਾਕ ਦੀ ਹੋਂਦ ਨੂੰ ਬਚਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਵਿਖੇ ਸੰਕੇਤਕ ਧਰਨਾ <br/>
ਬੀ.ਡੀ.ਪੀ.ਓ. ਦਫ਼ਤਰ ਭੀਖੀ ਅੱਗੇ ਬਲਾਕ ਨੂੰ ਬਚਾਉਣ ਲਈ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਭੋਲਾ ਸਿੰਘ ਸਮਾਉਂ | ਤਸਵੀਰ : ਬਲਕਾਰ ਸਿੰਘ ਸਹੋਤਾ<br/>
18-06-2025