ਸਰਦੂਲਗੜ੍ਹ, 17 ਜੂਨ (ਜੀ.ਐਮ.ਅਰੋੜਾ)-ਸਰਦੂਲਗੜ੍ਹ ਤੋਂ ਖੈਰਾ ਰੋਡ ਜਾਣ ਵਾਲੀ ਸੜਕ 'ਤੇ ਰੋੜਕੀ ਮਾਇਨਰ ਪੁਲੀ ਟੁੱਟੀ ਹੋਣ ਕਾਰਨ ਸੜਕ ਵੀ ਟੁੱਟ ਗਈ ਹੈ ਪਰ 15 ਦਿਨਾਂ ਤੋਂ ਵੱਧ ਸਮਾਂ ਹੋਣ 'ਤੇ ਕੋਈ ਸਾਰ ਨਾ ਲਏ ਜਾਣਾ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਜਿਵੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੋਵੇ | ਦੋ ਹਫਤੇ ਪਹਿਲਾਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਪਰ ਕਿਸੇ ਮਹਿਕਮੇ ਨੇ ਆਪਣੀ ਡਿਊਟੀ ਨਹੀਂ ਸਮਝੀ, ਜਿਸ ਕਾਰਨ ਸੜਕ ਵਿਚਕਾਰੋਂ ਟੁੱਟੀ ਹੋਣ ਕਾਰਨ ਇੱਕ ਟਰੈਕਟਰ ਟਰਾਲੀ ਇਸ ਵਿੱਚ ਡਿੱਗ ਗਈ ਪਰ ਜਾਨੀ ਨੁਕਸਾਨ ਹੋਣੋ ਬਚ ਗਿਆ | ਰਾਤ ਸਮੇਂ ਛੋਟੇ ਵਹੀਕਲ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ | ਇਸ ਸਬੰਧੀ ਕਾਮਰੇਡ ਲਾਲ ਚੰਦ ਨੇ ਕਿਹਾ ਕਿ ਇਹ ਸੜਕ ਤੋਂ ਰੋਜ਼ਾਨਾ ਹੀ ਸੈਂਕੜੇ ਵਹੀਕਲ ਗੁਜਰਦੇ ਹਨ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ 'ਤੇ ਟੁੱਟੀ ਪੁਲੀ ਠੀਕ ਕਰਵਾਈ ਜਾਵੇ | ਸਰਦੂਲਗੜ੍ਹ ਦੇ ਖੈਰਾ ਰੋਡ 'ਤੇ ਪੁਲੀ ਟੁੱਟੀ ਹੋਣ ਕਾਰਨ ਡਿਗਿਆ ਟਰੈਕਟਰ | ਤਸਵੀਰ : ਜੀ.ਐਮ. ਅਰੋੜਾ