ਮਾਨਸਾ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਝੋਨੇ ਦੇ ਖੇਤਾਂ 'ਚ ਨਦੀਨ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹਰ ਸਾਲ ਸਿਫ਼ਾਰਸ ਕੀਤਾ ਨਦੀਨਨਾਸ਼ਕ ਗਰੁੱਪ ਬਦਲ ਕੇ ਸਪਰੇਅ ਕਰਨ | ਉਨ੍ਹਾਂ ਦੱਸਿਆ ਕਿ ਨਦੀਨ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ, ਜੋ ਮਿੱਟੀ ਵਿੱਚੋ ਖੁਰਾਕੀ ਤੱਕ, ਪਾਣੀ ਆਦਿ ਮੁੱਖ ਫ਼ਸਲ ਤੋਂ ਜ਼ਿਆਦਾ ਮਾਤਰਾ ਵਿਚ ਲੈਂਦੇ ਹਨ, ਜਿਸ ਨਾਲ ਫ਼ਸਲ ਦੇ ਝਾੜ 'ਤੇ ਅਸਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਝੋਨੇ ਵਿਚ ਨਦੀਨ ਉੱਗਣ ਤੋਂ ਪਹਿਲਾਂ ਅਤੇ ਲੁਆਈ ਤੋਂ 2 ਤੋਂ 3 ਦਿਨਾਂ ਦੇ ਅੰਦਰ ਬੂਟਾਕਲੋਰ 1200 ਮਿਲੀਲੀਟਰ, ਅਨਿਲੋਫੋਸ 500 ਮੀ.ਲੀ, ਪੈਂਡੀਮੈਥਾਲਿਨ 1000 ਤੋਂ 1200 ਮਿਲੀਲੀਟਰ, ਪ੍ਰੈਟੀਲਾਕਲੋਰ 750 ਮਿਲੀਲੀਟਰ, ਪਾਈਰੈਜ਼ੋਸਲਫੂਰਾਨ ਈਥਾਈਲ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਿਚ ਮਿਲਾ ਕੇ ਖੜ੍ਹੇ ਪਾਣੀ ਵਿਚ ਸਪਰੇਅ ਕੀਤੀ ਜਾਵੇ | ਨਦੀਨ ਉੱਗਣ ਤੋਂ ਬਾਅਦ ਜਦੋਂ ਨਦੀਨ 2 ਤੋਂ 4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਅਤੇ ਝੋਨੇ ਦੀ ਲੁਆਈ ਤੋਂ 20 ਤੋਂ 25 ਦਿਨਾਂ ਅੰਦਰ ਤਾਂ 150 ਲੀਟਰ ਪਾਣੀ ਵਿਚ ਨੌਮਿਨੀਗੋਲਡ 100 ਮਿਲੀਲੀਟਰ, ਰਾਈਸਸਟਾਰ 400 ਮਿਲੀਲੀਟਰ, ਐਲਗਰਿਪ 30 ਗ੍ਰਾਮ, ਐਲਮਿਕਸ 8 ਗ੍ਰਾਮ ਅਤੇ ਏਕੇਤਸੂ 40 ਗ੍ਰਾਮ ਪ੍ਰਤੀ ਏਕੜ ਵਿਚ ਘੋਲ ਕੇ ਛਿੜਕਾਅ ਕੀਤਾ ਜਾਵੇ | ਛਿੜਕਾਅ ਤੋਂ ਪਹਿਲਾਂ ਫਸਲ ਵਿਚ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਗਾਇਆ ਜਾਵੇ | ਖੇਤੀ ਅਧਿਕਾਰੀ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਤਕਨੀਕ ਰਾਹੀਂ ਨਦੀਨਾਂ ਜ਼ਿਆਦਾ ਉੱਗਦੇ ਹਨ | ਨਦੀਨ ਉੱਗਣ ਤੋਂ ਪਹਿਲਾਂ ਨਦੀਨਾਂ ਨੂੰ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿਚ 1.0 ਲਿਟਰ ਸਟੌਂਪ 30 ਈ ਸੀ ਜਾਂ 1.0 ਲਿਟਰ ਪੇਪੇ 25 ਐੱਸ.ਈ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿਚ ਘੋਲ ਦੇ ਛਿੜਕਾਅ ਕੀਤਾ ਜਾਵੇ ਅਤੇ ਬਾਅਦ ਵਿਚ ਸਿਫ਼ਾਰਿਸ ਮੁਤਾਬਿਕ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ | ਉਨ੍ਹਾਂ ਬਿਜਾਈ ਤੋਂ 15 ਤੋਂ 25 ਦਿਨਾਂ ਅੰਦਰ ਨਦੀਨ ਉੱਗਣ ਤੋਂ ਬਾਅਦ ਨੌਮੀਨੀਗੋਲਡ 100 ਮਿਲੀਲੀਟਰ, ਨੋਵਲੈਕਟ 500 ਮਿਲੀਲੀਟਰ, ਰਾਈਸਸਟਾਰ 400 ਮਿਲੀਲੀਟਰ, ਵਿਵਾਇਆ 900 ਮਿਲੀਲੀਟਰ, ਕੌਂਸਿਲ ਐਕਟਿਵ 90 ਗ੍ਰਾਮ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ |