28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਟਰੈਫ਼ਿਕ ਸਮੱਸਿਆ ਨਾਲ ਦੋ-ਚਾਰ ਹੋ ਰਹੇ ਨੇ ਮਾਨਸਾ ਸ਼ਹਿਰ ਵਾਸੀ

ਅਜੀਤ ਡੈਸਕ 23-06-2025

ਰਾਵਿੰਦਰ ਸਿੰਘ ਰਵੀ
ਮਾਨਸਾ, 22 ਜੂਨ - ਮਾਨਸਾ ਨੂੰ ਜ਼ਿਲ੍ਹਾ ਬਣਿਆਂ 33 ਵਰ੍ਹੇ ਹੋ ਗਏ ਹਨ ਪਰ ਹਾਲੇ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ | ਸੰਘਣੀ ਆਬਾਦੀ ਵਾਲੇ ਇਸ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ | ਦਿੱਲੀ-ਬਠਿੰਡਾ ਰੇਲਵੇ ਲਾਈਨ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਦੀ ਹੈ | ਸ਼ਹਿਰ ਦੇ ਇੱਕ ਪਾਸੇ ਸਿਵਲ ਤੇ ਜਨਾਨਾ ਹਸਪਤਾਲ, ਮੁੱਖ ਡਾਕਘਰ, ਥਾਣਾ ਸ਼ਹਿਰੀ-1, ਲੜਕੀਆਂ ਦਾ ਕਾਲਜ, ਲੜਕੇ ਤੇ ਲੜਕੀਆਂ ਦੇ ਸਰਕਾਰੀ ਸਕੂਲਾਂ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਬੈਂਕ, ਨਿੱਜੀ ਹਸਪਤਾਲ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ਪੈਂਦੇ ਹਨ | ਇਸ ਦੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਯਾਦਗਾਰ ਪਾਤਸ਼ਾਹੀ ਨੌਵੀਂ ਸਾਹਿਬ, ਪੁਰਾਣਾ ਲਕਸ਼ਮੀ ਨਰਾਇਣ ਮੰਦਰ ਆਦਿ ਵੀ ਸ਼ਹਿਰ ਦੇ ਇਸ ਹਿੱਸੇ ਵਿਚ ਸਥਿਤ ਹਨ | ਦੂਜੇ ਪਾਸੇ ਬੱਸ ਅੱਡਾ, ਜ਼ਿਲ੍ਹਾ ਕਚਹਿਰੀਆਂ ਤੇ ਪ੍ਰਬੰਧਕੀ ਬਲਾਕ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਰਾਮਬਾਗ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਹਾਈ ਸਕੂਲ, ਰਮਨ ਸਿਨੇਮਾ ਮਾਰਕੀਟ ਅਤੇ ਦਫ਼ਤਰ ਨਗਰ ਕੌਂਸਲ ਆਦਿ ਸਥਿਤ ਹਨ | ਦੋਵਾਂ ਪਾਸਿਆਂ 'ਚ ਵੱਸਣ ਵਾਲੇ ਲੋਕਾਂ ਨੂੰ ਆਪਣੇ ਕੰਮਾਂ ਕਾਰਾ ਲਈ ਮੁੱਖ ਰੇਲਵੇ ਫਾਟਕ ਤੋਂ ਲੰਘ ਕੇ ਇੱਕ ਤੋਂ ਦੂਜੇ ਪਾਸੇ ਜਾਣਾ ਪੈਂਦਾ ਹੈ, ਜਿਸ ਕਾਰਨ ਰੇਲਵੇ ਫਾਟਕ 'ਤੇ ਹਰ ਵੇਲੇ ਵੱਡੀ ਗਿਣਤੀ 'ਚ ਵਹੀਕਲਾਂ ਅਤੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਹੈ | ਇਸ ਤੋਂ ਇਲਾਵਾ ਰੇਲਵੇ ਫਾਟਕ ਦੇ ਕੋਲ ਲੱਗਦੀ ਸਬਜ਼ੀ ਮੰਡੀ ਕਾਰਨ ਸ਼ਾਮ ਵੇਲੇ ਭੀੜ ਭੜੱਕਾ ਬਹੁਤ ਵਧ ਜਾਂਦਾ ਹੈ | ਭਾਵੇਂ ਰੇਲਵੇ ਫਾਟਕ ਕੋਲ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਅੰਡਰ ਬਿ੍ਜ ਦਾ ਨਿਰਮਾਣ ਕੀਤਾ ਗਿਆ ਸੀ ਪਰ ਆਬਾਦੀ ਵਧਣ ਨਾਲ ਇਹ ਬਹੁਤਾ ਕਾਰਗਰ ਸਾਬਤ ਨਹੀਂ ਹੋ ਰਿਹਾ | ਮੀਂਹ ਦੇ ਦਿਨਾਂ 'ਚ ਅੰਡਰ ਬਿ੍ਜ ਪਾਣੀ ਨਾਲ ਭਰ ਜਾਂਦਾ ਹੈ ਤੇ ਕਈ-ਕਈ ਦਿਨ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ |
ਕਈ ਹਿੱਸਿਆ 'ਚ ਰਹਿੰਦੀ ਹੈ ਖਚਾਖਚ ਭੀੜ
ਸ਼ਹਿਰ ਦੇ ਕਈ ਹਿੱਸਿਆਂ 'ਚ ਟਰੈਫ਼ਿਕ ਸਮੱਸਿਆ ਕਰ ਕੇ ਖਚਾਖਚ ਭੀੜ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ | ਮਾਨਸਾ ਬੱਸ ਸਟੈਂਡ ਤੋਂ ਕੋਰਟ ਕੰਪਲੈਕਸ ਤੱਕ ਸ਼ਾਮ ਵੇਲੇ ਸੜਕ ਦੇ ਦੋਵੇਂ ਪਾਸੇ ਰੇਹੜੀਆਂ-ਫੜੀਆਂ ਵਾਲੇ ਭਰਮਾਰ ਹੋ ਜਾਂਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਸਮੱਸਿਆ ਪੇਸ਼ ਆ ਰਹੀ ਹੈ | ਕਈਆਂ ਨੇ ਤਾਂ ਸੜਕ ਦੇ ਦੋਵੇਂ ਪਾਸੇ ਸਬਜ਼ੀ ਵੇਚਣ ਲਈ ਪੱਕੇ ਅੱਡੇ ਬਣਾ ਲਏ ਹਨ, ਜਿਸ ਕਾਰਨ ਇੱਥੇ ਹਰ ਸਮੇਂ ਭੀੜ ਰਹਿੰਦੀ ਹੈ | ਵਨ-ਵੇ ਟ੍ਰੈਫਿਕ ਰੋਡ, ਗਊਸ਼ਾਲਾ ਰੋਡ, ਮੁੱਖ ਬਾਜ਼ਾਰ ਤੋਂ ਇਲਾਵਾ ਸਿਵਲ ਹਸਪਤਾਲ ਕੋਲ ਦਿਨ ਵੇਲੇ ਐਨੀ ਭੀੜ ਹੋ ਜਾਂਦੀ ਹੈ ਕਿ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ |
ਨਜਾਇਜ਼ ਕਬਜ਼ਿਆਂ ਦੀ ਭਰਮਾਰ
ਸ਼ਹਿਰ 'ਚ ਨਿੱਤ ਰੋਜ਼ ਨਜਾਇਜ਼ ਕਬਜ਼ੇ ਹੋ ਰਹੇ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ | ਮੁੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਆਪਣੀ ਹਦੂਦ ਤੋਂ ਕਿਤੇ ਅੱਗੇ ਜਾ ਕੇ ਸਮਾਨ ਰੱਖਿਆ ਹੁੰਦਾ ਹੈ ਅਤੇ ਕਈਆਂ ਨੇ ਤਾਂ ਪੱਕੇ ਥੜੇ ਬਣਾ ਕੇ ਥਾਂ ਰੋਕ ਰੱਖੀ ਹੈ | ਸਥਾਨਕ ਗੁਰਦੁਆਰਾ ਚੌਂਕ ਨੇੜੇ ਸਥਾਪਿਤ ਮੰਡੀਆਂ 'ਚ ਕਈਆਂ ਵਲੋਂ ਪੱਕੇ ਤੌਰ 'ਤੇ ਸ਼ੈੱਡ ਆਦਿ ਪਾ ਕੇ ਨਜਾਇਜ਼ ਕਬਜੇ ਕੀਤੇ ਹੋਏ ਹਨ | ਮੰਡੀਆਂ 'ਚ ਵੀ ਦੁਕਾਨਦਾਰਾਂ ਵਲੋਂ ਸਾਮਾਨ ਰੱਖਣ ਲਈ ਕਈ-ਕਈ ਫੁੱਟ ਥਾਂ ਰੋਕੀ ਹੋਈ ਹੈ, ਜਿਸ ਕਾਰਨ ਰਾਹਗੀਰਾਂ ਨੂੰ ਆਉਣ-ਜਾਣ 'ਚ ਦਿੱਕਤਾਂ ਆਉਂਦੀਆਂ ਹਨ |
ਟ੍ਰੈਫ਼ਿਕ ਸਮੱਸਿਆ ਹੱਲ ਕਰਨ ਦੀ ਮੰਗ
ਮਾਨਸਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਆਬਾਦੀ ਵਧਣ ਦੇ ਨਾਲ ਨਾਲ ਟ੍ਰੈਫਿਕ ਸਮੱਸਿਆ ਵੀ ਨਿੱਤ ਦਿਨ ਵਧਦੀ ਜਾ ਰਹੀ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਨੂੰ ਦੁਰਘਟਨਾ ਤੋਂ ਬਚਾਉਣ ਲਈ ਪਹਿਲ ਦੇ ਆਧਾਰ 'ਤੇ ਸ਼ਹਿਰ 'ਚ ਸੁਚਾਰੂ ਟੈ੍ਰਫਿਕ ਪ੍ਰਬੰਧ ਕੀਤੇ ਜਾਣ |

ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ 'ਤੇ ਕੀਤਾ ਹਵਾਈ ਹਮਲਾ ਨਿੰਦਣਯੋਗ-ਲਿਬਰੇਸ਼ਨ ਅਗਲੀ ਖ਼ਬਰ 195 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਸਮੇਤ ਗਿ੍ਫ਼ਤਾਰ ਵਿਅਕਤੀ ਤੁਰੰਤ ਜ਼ਮਾਨਤ 'ਤੇ ਰਿਹਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।