ਮਾਨਸਾ, 22 ਜੂਨ (ਸੱਭਿ.ਪ੍ਰਤੀ)-ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਨੇ ਅਮਰੀਕਾ ਵਲੋਂ ਇਜ਼ਰਾਈਲ-ਈਰਾਨ ਜੰਗ ਵਿਚ ਕੁੱਦਣ ਅਤੇ ਈਰਾਨ 'ਤੇ ਵੱਡੇ ਹਵਾਈ ਹਮਲੇ ਕਰਨ ਦੀ ਨਿੰਦਾ ਕਰਦਿਆਂ ਕੌਮਾਂਤਰੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜੰਗ ਨੂੰ ਬੰਦ ਕਰਵਾਉਣ ਲਈ ਅਮਰੀਕਾ ਇਜ਼ਰਾਈਲ 'ਤੇ ਦਬਾਅ ਪਾਉਣ ਤਾਂ ਜੋ ਵਿਸ਼ਵ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ | ਪਾਰਟੀ ਦੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਕਿਹਾ ਕਿ ਮਹਾਂ ਸ਼ਕਤੀ ਅਮਰੀਕਾ ਵਲੋਂ ਕਾਲੇ ਅਤੀਤ ਨੂੰ ਦੁਹਰਾਉਂਦਿਆਂ ਈਰਾਨ ਦੀ ਪ੍ਰਭੂਸੱਤਾ ਅਤੇ ਆਜ਼ਾਦੀ 'ਤੇ ਘਿਣਾਉਣਾ ਹਮਲਾ ਹੈ ਹਾਲਾਂਕਿ ਈਰਾਨ ਵਲੋਂ ਕਿਸੇ ਵੀ ਦੇਸ਼ ਖ਼ਿਲਾਫ਼ ਕੋਈ ਹਮਲਾਵਰ ਕਾਰਵਾਈ ਨਹੀਂ ਕੀਤੀ ਗਈ | ਆਗੂਆਂ ਨੇ ਆਖਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਵੀ ਇਸ ਹਮਲੇ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ |