ਮਾਨਸਾ, 22 ਜੂਨ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ 'ਚ ਸੀਵਰੇਜ ਵਿਵਸਥਾ ਦਰੁਸਤ ਨਾ ਹੋਣ ਕਾਰਨ ਲੋਕ ਡਾਹਢੇ ਦੁਖੀ ਹਨ | ਲੰਬੇ ਸਮੇਂ ਤੋਂ ਸ਼ਹਿਰ ਵਾਸੀ ਸੀਵਰੇਜ ਦੇ ਮਾੜੇ ਪ੍ਰਬੰਧਾਂ ਨਾਲ ਜੂਝ ਰਹੇ ਹਨ ਪਰ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਹੱਥ 'ਤੇ ਹੱਥ ਧਰੀ ਬੈਠੇ ਹਨ | ਕਈ ਗਲੀ-ਮੁਹੱਲਿਆਂ 'ਚ ਮਹੀਨਿਆਂਬੱਧੀ ਖੜੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ 'ਚ ਦਮ ਲਿਆਂਦਾ ਹੋਇਆ ਹੈ ਅਤੇ ਉਹ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ | ਵੀਰ ਨਗਰ ਮੁਹੱਲਾ, ਬਾਬਾ ਭਾਈ ਗੁਰਦਾਸ ਦੇ ਟੋਭੇ ਕੋਲ, ਭੱਠਾ ਬਸਤੀ, ਚਕੇਰੀਆਂ ਫਾਟਕ, ਪ੍ਰੀਤ ਨਗਰ, ਵਾਰਡ ਨੰਬਰ 7, 8 ਤੇ 9 ਆਦਿ ਤਾਂ ਸੀਵਰੇਜ ਦੀ ਸਮੱਸਿਆ ਤੋਂ ਕਦੇ ਮੁਕਤ ਨਹੀਂ ਹੋਏ | ਸ਼ਹਿਰ ਦੇ ਬਹੁਤੇ ਹਿੱਸਿਆਂ 'ਚ ਸੀਵਰੇਜ ਦੇ ਮੈਨਹੋਲ ਉਗੜ-ਦੁਗੜ ਹੋਏ ਪਏ ਹਨ, 'ਚੋਂ ਹਰ ਵੇਲੇ ਗੰਦਾ ਪਾਣੀ ਰਿਸਦਾ ਰਹਿੰਦਾ ਹੈ, ਜਿਸ ਨਾਲ ਜਿੱਥੇ ਸੜਕਾਂ ਟੁੱਟ ਚੁੱਕੀਆਂ ਹਨ ਉੱਥੇ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ | ਸ਼ਹਿਰ ਦੀ ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਜ਼ਿਲ੍ਹਾ ਕਚਹਿਰੀ ਰੋਡ ਦੀ ਮਾਨਸਾ ਖ਼ੁਰਦ ਤੱਕ ਸਥਿਤੀ ਬੇਹੱਦ ਖ਼ਰਾਬ ਹੋ ਗਈ ਹੈ | ਉਪਰੋਕਤ ਸੜਕ 'ਤੇ ਥਾਂ-ਥਾਂ 'ਤੇ ਗੰਦਾ ਪਾਣੀ ਫੈਲਿਆ ਹੋਇਆ ਹੈ ਅਤੇ ਨਾਲ ਲੱਗਦੀਆਂ ਗਲੀਆਂ 'ਚ ਵੀ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ | ਸੇਂਟ ਜੇਵੀਅਰ ਸਕੂਲ ਵਾਲੀ ਸੜਕ ਸੀਵਰੇਜ ਦੇ ਪਾਣੀ ਨਾਲ ਟੁੱਟ ਚੁੱਕੀ ਹੈ ਤੇ ਇੱਥੋਂ ਲੰਘਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬਾਰਿਸ਼ਾਂ ਦੇ ਦਿਨਾਂ 'ਚ ਤਾਂ ਸਥਿਤੀ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਜਾਂਦੀ ਹੈ | ਸਮੇਂ ਸਮੇਂ 'ਤੇ ਪੰਜਾਬ ਸਰਕਾਰ ਦੇ ਵਜ਼ੀਰਾਂ ਤੇ ਵਿਧਾਇਕਾਂ ਨੇ ਸੀਵਰੇਜ ਪ੍ਰਣਾਲੀ ਦਾ ਜਲਦ ਹੱਲ ਕਰਨ ਲਈ ਵਾਅਦੇ ਤੇ ਦਾਅਵੇ ਜ਼ਰੂਰ ਕੀਤੇ ਹਨ ਪਰ ਇਹ ਕਦੋਂ ਵਫ਼ਾ ਹੋਣਗੇ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ | ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੀਵਰੇਜ ਪ੍ਰਬੰਧਾਂ ਨੂੰ ਦਰੁਸਤ ਕਰਵਾਇਆ ਜਾਵੇ |
ਮਾਨਸਾ ਸ਼ਹਿਰ 'ਚ ਸੀਵਰੇਜ ਪ੍ਰਣਾਲੀ ਦੇ ਨਾਕਸ ਪ੍ਰਬੰਧਾਂ ਨੇ ਲੋਕਾਂ ਦੇ ਨੱਕ 'ਚ ਕੀਤਾ ਦਮ
ਅਜੀਤ ਡੈਸਕ
23-06-2025